Skip to content
ਮਹਿੰਗਾਈ ਦੇ ਦੌਰ ਵਿੱਚ ਗਰੀਬਾਂ ਦੇ ਇਲਾਜ ਦੀ ਜ਼ਿੰਮੇਵਾਰੀ ਕੌਣ ਚੁੱਕੇਗਾ? ਸਰਕਾਰਾਂ ਗਰੀਬਾਂ ਲਈ ਮੁਫ਼ਤ ਸਿਹਤ ਸਹੂਲਤਾਂ ਯਕੀਨੀ ਬਣਾਉਣ : ਲੱਖਾ ਸਿੰਘ
ਜਲੰਧਰ (ਅਰਸ਼ਦੀਪ ਸਿੰਘ ਕਾਲੜਾ) : ਮਹਿੰਗਾਈ ਦੇ ਵਧਦੇ ਦੌਰ ਵਿੱਚ ਆਮ ਆਦਮੀ ਲਈ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰਨਾ ਵੀ ਮੁਸ਼ਕਲ ਹੋ ਗਿਆ ਹੈ। ਅਜਿਹੇ ਵਿੱਚ ਜੇਕਰ ਕਿਸੇ ਗਰੀਬ ਪਰਿਵਾਰ ਦਾ ਮੈਂਬਰ ਬਿਮਾਰ ਹੋ ਜਾਂਦਾ ਹੈ ਤਾਂ ਉਸ ਲਈ ਇਲਾਜ ਕਰਵਾਉਣਾ ਵੱਡੀ ਚੁਣੌਤੀ ਬਣ ਜਾਂਦਾ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਦੇ ਸਾਬਕਾ ਮੈਂਬਰ ਕਮਿਸ਼ਨ ਲੱਖਾ ਸਿੰਘ ਨੇ ਕਿਹਾ ਕਿ ਅੱਜ ਹਸਪਤਾਲਾਂ ਵਿੱਚ ਇਲਾਜ, ਦਵਾਈਆਂ, ਟੈਸਟਾਂ ਅਤੇ ਅਪਰੇਸ਼ਨਾਂ ਦੇ ਖਰਚੇ ਲਗਾਤਾਰ ਵਧ ਰਹੇ ਹਨ। ਇੱਕ ਮਜ਼ਦੂਰ ਅਤੇ ਦਿਹਾੜੀਦਾਰ ਵਿਅਕਤੀ ਲਈ ਮਹਿੰਗਾ ਇਲਾਜ ਕਰਵਾਉਣਾ ਬਹੁਤ ਔਖਾ ਹੋ ਗਿਆ ਹੈ। ਕਈ ਗਰੀਬ ਪਰਿਵਾਰ ਇਲਾਜ ਲਈ ਆਪਣੇ ਗਹਿਣੇ ਵੇਚਣ ਅਤੇ ਕਰਜ਼ਾ ਲੈਣ ਲਈ ਮਜਬੂਰ ਹੋ ਰਹੇ ਹਨ।
ਉਨ੍ਹਾਂ ਸਰਕਾਰਾਂ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਗਰੀਬ ਵਿਅਕਤੀ ਨੂੰ ਬਿਮਾਰ ਹੋਣ ਦਾ ਵੀ ਹੱਕ ਨਹੀਂ? ਕੀ ਸਿਹਤ ਸਹੂਲਤਾਂ ਸਿਰਫ਼ ਪੈਸੇ ਵਾਲੇ ਲੋਕਾਂ ਲਈ ਹੀ ਹਨ? ਉਨ੍ਹਾਂ ਮੰਗ ਕੀਤੀ ਕਿ ਗਰੀਬ ਅਤੇ ਲੋੜਵੰਦ ਲੋਕਾਂ ਦੇ ਇਲਾਜ ਲਈ ਸਰਕਾਰ ਵੱਲੋਂ ਵਿਸ਼ੇਸ਼ ਬਜਟ ਰੱਖਿਆ ਜਾਵੇ ਅਤੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਜਾਂ ਘੱਟ ਖਰਚੇ ’ਤੇ ਇਲਾਜ, ਦਵਾਈਆਂ ਅਤੇ ਜ਼ਰੂਰੀ ਟੈਸਟਾਂ ਦੀ ਸਹੂਲਤ ਦਿੱਤੀ ਜਾਵੇ।
ਲੱਖਾ ਸਿੰਘ ਨੇ ਕਿਹਾ ਕਿ ਕੈਂਸਰ, ਦਿਲ, ਗੁਰਦੇ ਅਤੇ ਸ਼ੂਗਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਲਈ ਵਿਸ਼ੇਸ਼ ਸਹਾਇਤਾ ਯੋਜਨਾਵਾਂ ਬਣਾਈਆਂ ਜਾਣ, ਤਾਂ ਜੋ ਕੋਈ ਵੀ ਗਰੀਬ ਵਿਅਕਤੀ ਪੈਸਿਆਂ ਦੀ ਘਾਟ ਕਾਰਨ ਆਪਣੀ ਜਾਨ ਨਾ ਗੁਆਵੇ। ਇਸ ਦੇ ਨਾਲ ਹੀ ਸਰਕਾਰੀ ਸਹਾਇਤਾ ਦਾ ਲਾਭ ਸਹੀ ਲੋੜਵੰਦਾਂ ਤੱਕ ਪਹੁੰਚਣਾ ਯਕੀਨੀ ਬਣਾਇਆ ਜਾਵੇ।
ਅੰਤ ਵਿੱਚ ਉਨ੍ਹਾਂ ਕਿਹਾ ਕਿ ਸਿਹਤ ਸਹੂਲਤਾਂ ਹਰ ਨਾਗਰਿਕ ਦਾ ਬੁਨਿਆਦੀ ਹੱਕ ਹਨ ਅਤੇ ਕਿਸੇ ਵੀ ਪਰਿਵਾਰ ਨੂੰ ਇਲਾਜ ਦੇ ਖਰਚੇ ਕਾਰਨ ਕਰਜ਼ੇ ਹੇਠ ਨਹੀਂ ਦੱਬਣਾ ਚਾਹੀਦਾ। ਉਨ੍ਹਾਂ ਸਰਕਾਰਾਂ ਅਤੇ ਸਮਾਜ ਦੇ ਜ਼ਿੰਮੇਵਾਰ ਲੋਕਾਂ ਨੂੰ ਅਪੀਲ ਕੀਤੀ ਕਿ ਗਰੀਬਾਂ ਦੇ ਇਲਾਜ ਨੂੰ ਪਹਿਲ ਦਿੱਤੀ ਜਾਵੇ, ਕਿਉਂਕਿ ਮਨੁੱਖੀ ਜਾਨ ਤੋਂ ਵੱਡੀ ਕੋਈ ਦੌਲਤ ਨਹੀਂ ਹੈ।
ਲੱਖਾ ਸਿੰਘ
ਸਾਬਕਾ ਮੈਂਬਰ ਕਮਿਸ਼ਨ, ਪੰਜਾਬ ਸਰਕਾਰ
Related