ਅੰਮਿ੍ਰਤਸਰ : ਪੰਜਾਬ ’ਚ ਕੋਰੋਨਾ ਮਹਾਮਾਰੀ ਦਾ ਕਹਿਰ  ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਪੰਜਾਬ ਦੇ 5 ਜ਼ਿਲ੍ਹਿਆਂ ’ਚ ਹੋਰ ਸਖ਼ਤੀ ਵਧਾਉਂਦੇ ਹੋਏ ਅੱਜ ਤੋਂ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਹਨ। ਇਹ ਨਿਯਮ ਲੁਧਿਆਣਾ, ਪਟਿਆਲਾ, ਜਲੰਧਰ, ਅੰਮਿ੍ਰਤਸਰ ਤੇ ਮੋਹਾਲੀ ’ਚ ਲਾਗੂ ਕੀਤੇ ਗਏ ਹਨ। ਨਵੇਂ ਨਿਯਮਾਂ ਮੁਤਾਬਕ ਅੱਜ ਤੋਂ ਸਿਰਫ਼ 50 ਫ਼ੀਸਦੀ ਦੁਕਾਨਾਂ ਹੀ ਖੁੱਲ੍ਹਣਗੀਆਂ। ਇਸ ਤੋਂ ਇਲਾਵਾ ਗੈਰ ਜ਼ਰੂਰੀ ਸਾਮਾਨ ਦੀਆਂ ਅੱਧੀਆਂ ਦੁਕਾਨਾਂ ਹੀ ਖੁੱਲ੍ਹ ਸਕਣਗੀਆਂ। ਜ਼ਰੂਰੀ ਸਮਾਨ ਦੀਆਂ ਦੁਕਾਨਾਂ ’ਤੇ ਕਿਸੇ ਤਰ੍ਹਾਂ ਦੀ ਪਾਬੰਧੀ ਨਹੀਂ ਹੋਵੇਗੀ।


    ਦੱਸ ਦੇਈਏ ਕਿ ਪੰਜਾਬ ’ਚ ਕੋਰੋਨਾ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ’ਚ ਪੰਜਾਬ ’ਚ 50 ਹੋਰ ਮਰੀਜ਼ਾਂ ਨੇ ਦਮ ਤੋੜ ਦਿੱਤਾ। ਜਦੋਂ 1136 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਹੁਣ ਤੱਕ ਰਾਜ ‘ਚ 1086 ਮਰੀਜ਼ਾਂ ਦੀ ਕੋਰੋਨਾ ਮਹਾਮਾਰੀ ਦੇ ਚਲਦੇ ਮੌਤ ਹੋ ਚੁੱਕੀ ਹੈ। ਜਦੋਂਕਿ 41779 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਚੰਡੀਗੜ੍ਹ ਹੈੱਡਕੁਆਟਰ ਦੀ ਰਿਪੋਰਟ ਮੁਤਾਬਕ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ 374 ਮਰੀਜ਼ ਆਕਸੀਜਨ ‘ਤੇ ਹਨ। ਜਦਕਿ 46 ਲੋਕ ਵੈਂਟੀਲੇਟਰ ‘ਤੇ ਹਨ। ਜਿਨ੍ਹਾਂ 50 ਲੋਕਾਂ ਦੀ ਅੱਜ ਮੌਤ ਹੋਈ ਹੈ।

    ਉਨ੍ਹਾਂ ‘ਚੋਂ ਪਟਿਆਲਾ ਤੋਂ 19, ਲੁਧਿਆਣਾ ਤੋਂ 9, ਜਲੰਧਰ ਤੋਂ 7, ਗੁਰਦਾਸਪੁਰ ਤੋਂ 6, ਫਿਰੋਜ਼ਪੁਰ-ਫਾਜ਼ਿਲਕਾ ਤੇ ਹੁਸ਼ਿਆਰਪੁਰ ਤੋਂ 2-2, ਕਪੂਰਥਲਾ, ਮੁਕਤਸਰ, ਸੰਗਰੂਰ ਤੇ ਤਰਨਤਾਰਨ ਤੋਂ 1-1 ਮਰੀਜ਼ ਦੀ ਮੌਤ ਹੋ ਗਈ। ਸਿਹਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਜ਼ਿਲ੍ਹਿਆਂ ਤੋਂ ਸਹੀ ਫੀਡਬੈਕ ਨਾ ਮਿਲਣ ਕਾਰਨ ਰਿਪੋਰਟਾ ਦੇ ਅੰਕੜਿਆਂ ‘ਚ ਵੱਡਾ ਫਰਕ ਪੈ ਜਾਂਦਾ ਹੈ। ਜ਼ਿਲ੍ਹਾ ਲੁਧਿਆਣਾ ‘ਚ 2072 ਐਕਟਿਵ ਮਰੀਜ਼ ਦੱਸੇ ਜਾ ਰਿਹੇ ਹਨ ਤੇ ਚੰਡੀਗੜ੍ਹ ਤੋਂ ਜਾਰੀ ਕੋਵਿਡ-19 ਬੁਲੇਟਨ ‘ਚ 2913 ਐਕਟਿਵ ਮਰੀਜ਼ ਹੋਣ ਦੀ ਗੱਲ ਕੀਤੀ ਜਾ ਰਹੀ ਹੈ।