Skip to content
ਫ਼ਰੀਦਕੋਟ 4 ਜੁਲਾਈ (ਵਿਪਨ ਮਿੱਤਲ) : ਡਾ.ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਰੀਦਕੋਟ ਵਿਖੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸੈਕੰਡਰੀ ਫ਼ਰੀਦਕੋਟ ਸ੍ਰੀਮਤੀ ਨੀਲਮ ਰਾਣੀ ਦੀ ਯੋਗ ਰਹਿਨੁਮਾਈ ਹੇਠ ਲੈਫਟੀਨੈਂਟ ਆਕਾਸ਼ਦੀਪ ਸਿੰਘ ਨੂੰ ਵਿਲੱਖਣ ਪ੍ਰਾਪਤੀ ਲਈ ਸਨਮਾਨਿਤ ਕੀਤਾ । ਸਾਦੇ ਤੇ ਪ੍ਰਭਾਵਸ਼ਾਲੀ ਸਨਮਾਨ ਸਮਾਗਮ ’ਚ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ ਨੇ ਲੈਫ਼ਟੀਨੈਂਟ ਅਕਾਸ਼ਦੀਪ ਸਿੰਘ ਨੂੰ ਮਾਣਮੱਤੀ ਪ੍ਰਾਪਤੀ ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਲੈਫ਼ਟੀਨੈਂਟ ਅਕਾਸ਼ਦੀਪ ਸਿੰਘ ਨੇ ਸਾਬਤ ਕਰ ਦਿੱਤਾ ਹੈ ਕਿ ਕਰੜੀ ਮਿਹਨਤ ਨਾਲ ਅਸੀਂ ਕਿਸੇ ਵੀ ਮਨਚਾਹੀ ਮੰਜ਼ਿਲ ਤੇ ਪਹੁੰਚ ਸਕਦੇ ਹਾਂ। ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਭੁਪਿੰਦਰ ਸਿੰਘ ਬਰਾੜ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਆਕਾਸ਼ਦੀਪ ਸਿੰਘ ਨੇ ਵੱਕਾਰੀ ਇਮਤਿਹਾਨ ਪਾਸ ਕਰਕੇ ਦੂਸਰੇ ਵਿਦਿਆਰਥੀਆਂ ਲਈ ਰਾਹ ਦਸੇਰਾ ਬਣਿਆ ਹੈ। ਉਨ੍ਹਾਂ ਕਿਹਾ ਦੂਸਰੇ ਵਿਦਿਆਰਥੀਆਂ ਨੂੰ ਵੀ ਅਜਿਹੇ ਹੋਣਹਾਰ ਵਿਦਿਆਰਥੀ ਤੋਂ ਸੇਧ ਲੈਣੀ ਚਾਹੀਦੀ ਹੈ। ਇਸ ਮੌਕੇ ਲੈਕਚਰਾਰ ਮਨਦੀਪ ਸਿੰਘ ਚਹਿਲ ਸਿੰਘ ਅਤੇ ਸਟੇਟ ਐਵਾਰਡੀ ਗੁਰਮੀਤ ਸਿੰਘ ਬੱਧਣ ਨੇ ਦੱਸਿਆ ਕਿ ਲੈਫ਼ਟੀਨੈਂਟ ਅਕਾਸ਼ਦੀਪ ਸਿੰਘ, ਸਰਕਾਰੀ ਸੀਨੀਅਰ ਸੈਕੈਂਡਰੀ ਕੋਟ ਸੁਖੀਆ ਦਾ ਹੋਣਹਾਰ ਵਿਦਿਆਰਥੀ ਹੈ। ਜੋ ਇੱਕ ਸਧਾਰਨ ਤੇ ਕਿਰਤੀ ਪਰਿਵਾਰ ’ਚੋਂ ਉੱਠ ਕੇ ਖੁਦ ਆਪਣੇ ਬਲਬੂਤੇ ਤੇ ਕਾਮਯਾਬੀ ਦਾ ਨਵਾਂ ਇਤਿਹਾਸ ਸਿਰਜ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀ, ਉਸ ਦੇ ਮਾਪੇ ਅਤੇ ਆਪਣੀ ਛੋਟੀ ਭੈਣ ਨਾਲ ਭੱਠੇ ਤੇ ਕੰਮ ਕਰਦੇ ਹੋਏ ਅਕਾਸ਼ਦੀਪ ਸਿੰਘ ਨੇ ਵੱਡਾ ਨਿਸ਼ਾਨਾ ਮਿੱਥ ਕੇ ਸਖ਼ਤ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਲੈਫਟੀਨੈਂਟ ਆਕਾਸ਼ਦੀਪ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਉਸ ਨੇ ਦਸਵੀਂ ਤੱਕ ਦੀ ਪੜਾਈ ਆਪਣੇ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਸੁਖੀਆ ਤੋਂ ਪ੍ਰਾਪਤ ਕੀਤੀ ਅਤੇ ਉਸ ਤੋਂ ਬਾਅਦ ਬਾਰਵੀਂ ਤੱਕ ਦੀ ਪੜਾਈ ਮੈਰੀਟੋਰੀਅਸ ਸਕੂਲ ਮੋਹਾਲੀ ਤੋਂ ਪ੍ਰਾਪਤ ਕੀਤੀ। ਇਸ ਸਮੇਂ ਕਾਫ਼ੀ ਮੁਸ਼ਕਿਲ੍ਹਾਂ ਦਾ ਸਾਹਮਣਾ ਕਰਦੇ ਹੋਏ ਆਪਣੇ ਇਰਾਦੇ ’ਚ ਦਿ੍ਰੜਤਾ ਬਣਾਈ ਰੱਖੀ। ਆਕਾਸ਼ਦੀਪ ਸਿੰਘ ਦੀ ਦਿੱਲੀ ਇੱਛਾ ਇਹੀ ਹੈ ਕਿ ਸਰਕਾਰੀ ਸਕੂਲ ਦੇ ਵਿਦਿਆਰਥੀ ਚੰਗੀ ਵਿੱਦਿਆ ਹਾਸਲ ਕਰਕੇ ਆਪਣਾ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕਰਨ ਅਤੇ ਦੇਸ ਦੇ ਸੂਝਵਾਨ ਨਾਗਰਿਕ ਬਣਨ। ਉਨ੍ਹਾਂ ਕਿਹਾ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਇਸ ਸਨਮਾਨ ਸਮਾਗਮ ’ਚ ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ, ਸੇਵਾ ਮੁਕਤ ਲੈਕਚਰਾਰ ਹਰਮੇਲ ਸਿੰਘ, ਮੁੱਖ ਅਧਿਆਪਕ ਜਸਵਿੰਦਰ ਸਿੰਘ ਕੈਥ, ਅਧਿਆਪਕ ਰਾਜੇਸ਼ ਕੁਮਾਰ ਰਾਜੂ, ਤੇਜਿੰਦਰ ਸਿੰਘ ਡੀ.ਪੀ.ਈ, ਰਜਨੀਸ਼ ਕੁਮਾਰ ਗਰਗ, ਮਹੇਸ਼ ਸਰਮਾ, ਆਰਤੀ ਕਪੂਰ ਅਤੇ ਸਮੂਹ ਹਾਜ਼ਰੀਨ ਵੱਲੋਂ ਆਕਾਸ਼ਦੀਪ ਸਿੰਘ ਅਤੇ ਉਸ ਦੇ ਮਾਪਿਆਂ ਨੂੰ ਸਨਮਾਨਿਤ ਕਰਕੇ ਵਧਾਈ ਦਿੱਤੀ ਗਈ। ਇਸ ਮੌਕੇ ਆਕਾਸ਼ਦੀਪ ਸਿੰਘ ਸਿੰਘ ਦੇ ਪਿਤਾ ਹਾਕਮ ਸਿੰਘ, ਮਾਤਾ ਕੁਲਦੀਪ ਕੌਰ ਪੰਚਾਇਤ ਮੈਂਬਰ, ਭੈਣ ਸਿਮਰਨ ਕੌਰ, ਸੂਬਾ ਸਿੰਘ ਸੂਬੇਦਾਰ, ਕੁਮਟੇਂਟਰ ਬਿੱਟੂ ਸਿੰਘ ਹਾਜ਼ਰ ਸਨ।
Related