ਲੁਧਿਆਣਾ ਦੇ ਸ਼ਮਸ਼ਾਨਘਾਟ ’ਚੋਂ ਮਿਲੀ 20 ਸਾਲਾ ਨੌਜਵਾਨ ਦੀ ਲਾਸ਼, ਮੂੰਹ ’ਚ ਤੁੰਨੀ ਹੋਈ ਸੀ ਪਲਾਸਟਿਕ ਦੀ ਬੋਰੀ; ਦੋਸਤ ’ਤੇ ਕਤਲ ਦਾ ਸ਼ੱਕ, ਇੱਕ ਮੁਲਜ਼ਮ ਗ੍ਰਿਫ਼ਤਾਰ ਹੋਣ ਦੀ ਚਰਚਾ
ਲੁਧਿਆਣਾ (ਅਰਸ਼ਦੀਪ ਸਿੰਘ ਕਾਲੜਾ): ਲੁਧਿਆਣਾ ਦੇ ਪਿੰਡ ਲਤਾਲਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਬਣੇ ਕਮਰੇ ਵਿੱਚੋਂ 20 ਸਾਲਾ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਮ੍ਰਿਤਕ ਦੇ ਮੂੰਹ ਵਿੱਚ ਚਿੱਟੇ ਰੰਗ ਦੀ ਪਲਾਸਟਿਕ ਦੀ ਬੋਰੀ ਤੁੰਨੀ ਹੋਈ ਸੀ ਅਤੇ ਉਸ ਦੇ ਸਰੀਰ ’ਤੇ ਸੱਟਾਂ ਤੇ ਕੱਟਾਂ ਦੇ ਨਿਸ਼ਾਨ ਵੀ ਮਿਲੇ ਹਨ।
ਮ੍ਰਿਤਕ ਦੀ ਪਛਾਣ ਕਰਨਵੀਰ ਸਿੰਘ ਉਰਫ਼ ਗੋਪੀ ਵਜੋਂ ਹੋਈ ਹੈ, ਜੋ ਪਿੰਡ ਲਤਾਲਾ ਦਾ ਰਹਿਣ ਵਾਲਾ ਸੀ ਅਤੇ ਫੁੱਟਬਾਲ ਦਾ ਖਿਡਾਰੀ ਸੀ। ਜਾਣਕਾਰੀ ਅਨੁਸਾਰ ਉਹ 10 ਨਵੰਬਰ ਦੀ ਸ਼ਾਮ ਕਰੀਬ 7 ਵਜੇ ਆਪਣੀ ਚਿੱਟੇ ਰੰਗ ਦੀ ਐਕਟਿਵਾ ’ਤੇ ਘਰ ਦਾ ਰਾਸ਼ਨ ਲੈਣ ਲਈ ਨਿਕਲਿਆ ਸੀ, ਪਰ ਵਾਪਸ ਨਹੀਂ ਪਰਤਿਆ। ਪਰਿਵਾਰ ਵੱਲੋਂ ਕਾਫ਼ੀ ਭਾਲ ਕਰਨ ਦੇ ਬਾਵਜੂਦ ਉਸ ਦਾ ਕੋਈ ਪਤਾ ਨਹੀਂ ਲੱਗਿਆ।
ਪਰਿਵਾਰਕ ਮੈਂਬਰਾਂ ਵੱਲੋਂ ਜਦੋਂ ਕਰਨਵੀਰ ਦੇ ਦੋਸਤ ਗੁਰਕੀਰਤ ਸਿੰਘ ਉਰਫ਼ ਰਵੀ ਦੇ ਘਰ ਜਾ ਕੇ ਪੁੱਛਗਿੱਛ ਕੀਤੀ ਗਈ ਤਾਂ ਉਹ ਵੀ ਪਰਿਵਾਰ ਨਾਲ ਭਾਲ ਕਰਨ ਲਈ ਨਿਕਲ ਪਿਆ। ਇਸੇ ਦੌਰਾਨ ਪਰਿਵਾਰ ਨੂੰ ਪਿੰਡ ਦੇ ਪਾਰਕ ਨੇੜੇ ਸਥਿਤ ਸੈਂਸੀ ਬਰਾਦਰੀ ਦੇ ਸ਼ਮਸ਼ਾਨਘਾਟ ਦੇ ਇੱਕ ਕਮਰੇ ਵਿੱਚ ਕਰਨਵੀਰ ਦੀ ਲਾਸ਼ ਪਈ ਮਿਲੀ। ਲਾਸ਼ ਨੇੜੇ ਇੱਕ ਲੱਕੜ ਦਾ ਡੰਡਾ ਵੀ ਬਰਾਮਦ ਹੋਇਆ।
ਭੈਣ ਨਾਲ ਗੱਲਬਾਤ ਦੇ ਸ਼ੱਕ ਕਾਰਨ ਸੀ ਰੰਜਿਸ਼!
ਮ੍ਰਿਤਕ ਦੇ ਪਿਤਾ ਨੇ ਆਪਣੇ ਪੁੱਤਰ ਦੇ ਦੋਸਤ ਗੁਰਕੀਰਤ ਸਿੰਘ ਉਰਫ਼ ਰਵੀ ’ਤੇ ਕਤਲ ਦਾ ਸ਼ੱਕ ਜਤਾਇਆ ਹੈ। ਪਿਤਾ ਅਨੁਸਾਰ ਮੁਲਜ਼ਮ ਨੂੰ ਸ਼ੱਕ ਸੀ ਕਿ ਉਸ ਦੀ ਭੈਣ ਅਤੇ ਕਰਨਵੀਰ ਵਿਚਕਾਰ ਗੱਲਬਾਤ ਹੁੰਦੀ ਹੈ। ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਕਾਫ਼ੀ ਸਮੇਂ ਤੋਂ ਰੰਜਿਸ਼ ਚੱਲ ਰਹੀ ਸੀ। ਪਰਿਵਾਰ ਨੇ ਕਤਲ ਦੀ ਵਾਰਦਾਤ ਵਿੱਚ ਕੁਝ ਹੋਰ ਵਿਅਕਤੀਆਂ ਦੇ ਸ਼ਾਮਲ ਹੋਣ ਦਾ ਵੀ ਖ਼ਦਸ਼ਾ ਪ੍ਰਗਟਾਇਆ ਹੈ।
ਪੁਲਿਸ ਨੇ ਕਤਲ ਦਾ ਮਾਮਲਾ ਕੀਤਾ ਦਰਜ
ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਚੌਕੀ ਛਪਾਰ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਜੋਧਾਂ ਵਿੱਚ ਗੁਰਕੀਰਤ ਸਿੰਘ ਉਰਫ਼ ਰਵੀ ਅਤੇ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਸੂਤਰਾਂ ਅਨੁਸਾਰ ਮੁੱਖ ਮੁਲਜ਼ਮ ਗੁਰਕੀਰਤ ਸਿੰਘ ਉਰਫ਼ ਰਵੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ, ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ। ਪੁਲਿਸ ਵੱਲੋਂ ਕਤਲ ਦੇ ਅਸਲ ਕਾਰਨਾਂ ਅਤੇ ਹੋਰ ਸ਼ੱਕੀ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।
