ਨਿਊਜ਼ੀਲੈਂਡ ’ਚ ਦੀਵਾਲੀ ਦੀ ਰਾਤ ਵੱਡਾ ਹਾਦਸਾ, ਤਿੰਨ ਪੰਜਾਬੀਆਂ ਦੀ ਦਰਦਨਾਕ ਮੌਤ

ਆਕਲੈਂਡ (ਅਰਸ਼ਦੀਪ ਸਿੰਘ ਕਾਲੜਾ): ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਦੀਵਾਲੀ ਦੀ ਰਾਤ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਨੇ ਤਿੰਨ ਪੰਜਾਬੀ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ। ਦੱਖਣੀ ਆਕਲੈਂਡ ਦੇ ਟਾਕਾਨੀਨੀ ਇਲਾਕੇ ਵਿੱਚ ਇੱਕ ਬੇਕਾਬੂ ਕਾਰ ਰੈਸਟੋਰੈਂਟ ਅੰਦਰ ਜਾ ਵੜੀ, ਜਿਸ ਕਾਰਨ ਅੰਦਰ ਮੌਜੂਦ ਤਿੰਨ ਪੰਜਾਬੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਦੋ ਨੌਜਵਾਨ ਅਤੇ ਇੱਕ ਨਵ-ਵਿਆਹੁਤਾ ਔਰਤ ਸ਼ਾਮਲ ਹਨ।

ਮ੍ਰਿਤਕਾਂ ਦੀ ਪਛਾਣ ਬਠਿੰਡਾ ਜ਼ਿਲ੍ਹੇ ਦੇ ਪਿੰਡ ਗੋਨਿਆਣਾ ਖੁਰਦ ਦੇ ਰਹਿਣ ਵਾਲੇ 33 ਸਾਲਾ ਸੁਖਦੀਪ ਸਿੰਘ ਅਤੇ ਉਨ੍ਹਾਂ ਦੀ 29 ਸਾਲਾ ਪਤਨੀ ਸੁਖਵੀਰ ਕੌਰ ਵਜੋਂ ਹੋਈ ਹੈ। ਤੀਜੇ ਮ੍ਰਿਤਕ ਦੀ ਪਛਾਣ 38 ਸਾਲਾ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਮਾਨਸਾ ਜ਼ਿਲ੍ਹੇ ਦੇ ਭੀਖੀ ਨਾਲ ਸਬੰਧਤ ਸਨ।

ਜਾਣਕਾਰੀ ਅਨੁਸਾਰ ਸੁਖਦੀਪ ਸਿੰਘ ਪਿਛਲੇ ਸੱਤ ਸਾਲਾਂ ਤੋਂ ਨਿਊਜ਼ੀਲੈਂਡ ਵਿੱਚ ਰਹਿ ਰਹੇ ਸਨ ਅਤੇ ਉੱਥੇ ਕੋਰੀਅਰ ਸੇਵਾ ਦਾ ਕਾਰੋਬਾਰ ਕਰਦੇ ਸਨ। ਉਨ੍ਹਾਂ ਦਾ ਇਸੇ ਸਾਲ ਦੇ ਸ਼ੁਰੂ ਵਿੱਚ ਸੁਖਵੀਰ ਕੌਰ ਨਾਲ ਵਿਆਹ ਹੋਇਆ ਸੀ। ਸੁਖਵੀਰ ਕੌਰ ਕੁਝ ਮਹੀਨੇ ਪਹਿਲਾਂ ਹੀ ਆਪਣੇ ਪਤੀ ਕੋਲ ਨਿਊਜ਼ੀਲੈਂਡ ਪਹੁੰਚੀ ਸੀ। ਉਹ ਮੂਲ ਰੂਪ ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਰਾਉਂਕੇ ਕਲਾਂ ਦੀ ਰਹਿਣ ਵਾਲੀ ਸੀ।

ਉੱਧਰ, ਗੁਰਪ੍ਰੀਤ ਸਿੰਘ ਪਿਛਲੇ ਤਿੰਨ ਸਾਲਾਂ ਤੋਂ ਨਿਊਜ਼ੀਲੈਂਡ ਵਿੱਚ ਰਹਿ ਰਹੇ ਸਨ ਅਤੇ ‘ਐਨ.ਜ਼ੈੱਡ. ਪੋਸਟ’ ਲਈ ਕੋਰੀਅਰ ਵੈਨ ਡਰਾਈਵਰ ਵਜੋਂ ਕੰਮ ਕਰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਤਿੰਨੇ ਆਪਸ ਵਿੱਚ ਰਿਸ਼ਤੇਦਾਰ ਸਨ ਅਤੇ ਆਕਲੈਂਡ ਵਿੱਚ ਇਕੱਠੇ ਰਹਿੰਦੇ ਸਨ।

ਮਿਲੀ ਜਾਣਕਾਰੀ ਮੁਤਾਬਕ ਤਿੰਨੇ ਦੀਵਾਲੀ ਦੇ ਮੌਕੇ ’ਤੇ ਇੱਕ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਇਕੱਠੇ ਹੋਏ ਸਨ। ਪਰ ਸਮਾਗਮ ਤੋਂ ਵਾਪਸ ਨਿਕਲਣ ਦੇ ਕੁਝ ਮਿੰਟਾਂ ਬਾਅਦ ਹੀ ਇਹ ਦਰਦਨਾਕ ਹਾਦਸਾ ਵਾਪਰ ਗਿਆ ਅਤੇ ਤਿੰਨਾਂ ਦੀ ਜਾਨ ਚਲੀ ਗਈ।

ਇਸ ਦੁਖਦਾਈ ਘਟਨਾ ਤੋਂ ਬਾਅਦ ਪੰਜਾਬ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਪਿੰਡਾਂ ਵਿੱਚ ਸੋਗ ਦਾ ਮਾਹੌਲ ਹੈ।