ਲੁਧਿਆਣਾ ਸੈਂਟਰਲ ਜੇਲ੍ਹ ‘ਚ ਹਵਾਲਾਤੀ ‘ਤੇ ਕਾਤਿਲਾਨਾ ਹਮਲਾ, ਦਰਜਨ ਭਰ ਕੈਦੀਆਂ ਨੇ ਨੁਕੀਲੀ ਚੀਜ਼ ਨਾਲ ਕੀਤਾ ਜ਼ਖ਼ਮੀ

ਲੁਧਿਆਣਾ ਸੈਂਟਰਲ ਜੇਲ੍ਹ ਵਿੱਚ ਸੋਮਵਾਰ ਦੇਰ ਸ਼ਾਮ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇਕ ਹਵਾਲਾਤੀ ਨੌਜਵਾਨ ‘ਤੇ ਕਰੀਬ ਇਕ ਦਰਜਨ ਕੈਦੀਆਂ ਨੇ ਨੁਕੀਲੀ ਚੀਜ਼ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਉਸ ਨੂੰ ਤੁਰੰਤ ਜੇਲ੍ਹ ਹਸਪਤਾਲ ਪਹੁੰਚਾਇਆ ਗਿਆ। ਹਾਲਤ ਨਾਜ਼ੁਕ ਹੋਣ ਕਾਰਨ ਦੇਰ ਰਾਤ ਉਸ ਨੂੰ ਸਿਵਲ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਗਿਆ।

ਜ਼ਖ਼ਮੀ ਹਵਾਲਾਤੀ ਦੀ ਪਹਿਚਾਣ ਮਨਰੋਜ਼ (25) ਵਾਸੀ ਸਮਰਾਲਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਉਸ ਨੂੰ ਕਰੀਬ 20 ਦਿਨ ਪਹਿਲਾਂ ਸਮਰਾਲਾ ਪੁਲਿਸ ਨੇ ਇੱਕ ਅਪਰਾਧਿਕ ਮਾਮਲੇ ਵਿੱਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਸੀ।

ਮਨਰੋਜ਼ ਨੇ ਇਲਾਜ ਦੌਰਾਨ ਦੱਸਿਆ ਕਿ ਸੋਮਵਾਰ ਸ਼ਾਮ ਉਹ ਜੇਲ੍ਹ ਦੀ ਸੈਂਟਰਲ ਬੈਰਕ ਨੰਬਰ-6 ਦੇ ਬਾਹਰ ਖੜ੍ਹਾ ਸੀ। ਇਸੇ ਦੌਰਾਨ ਕਰੀਬ ਇਕ ਦਰਜਨ ਕੈਦੀ ਅਚਾਨਕ ਉਸ ਵੱਲ ਦੌੜੇ ਅਤੇ ਨੁਕੀਲੀ ਚੀਜ਼ ਨਾਲ ਉਸ ‘ਤੇ ਤਾਬੜਤੋੜ ਹਮਲਾ ਕਰ ਦਿੱਤਾ। ਉਸ ਨੇ ਰੌਲਾ ਪਾ ਕੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੇ ਜੇਲ੍ਹ ਪੁਲਿਸ ਕਰਮਚਾਰੀਆਂ ਨੇ ਉਸ ਨੂੰ ਹਮਲਾਵਰਾਂ ਤੋਂ ਛੁਡਵਾਇਆ।

ਡਾਕਟਰਾਂ ਅਨੁਸਾਰ ਮਨਰੋਜ਼ ਦੇ ਸਿਰ, ਚਿਹਰੇ, ਪੇਟ ਅਤੇ ਛਾਤੀ ‘ਤੇ ਅੱਧਾ ਦਰਜਨ ਤੋਂ ਵੱਧ ਡੂੰਘੇ ਜ਼ਖ਼ਮ ਮਿਲੇ ਹਨ। ਉਸ ਨੂੰ 2 ਦਰਜਨ ਤੋਂ ਵੱਧ ਟਾਂਕੇ ਲਗਾਏ ਗਏ। ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਮੁੜ ਜੇਲ੍ਹ ਭੇਜ ਦਿੱਤਾ ਗਿਆ।

ਘਟਨਾ ਦੀ ਸੂਚਨਾ ਜੇਲ੍ਹ ਪ੍ਰਸ਼ਾਸਨ ਵੱਲੋਂ ਥਾਣਾ ਡਿਵੀਜ਼ਨ ਨੰਬਰ-7 ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾ ਕਰਨ ਵਾਲੇ ਕੈਦੀਆਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਜਾਰੀ ਹੈ।