ਲੁਧਿਆਣਾ : ਲੁਧਿਆਣਾ ਵਿਚ ਸਥਿਤ ‘ਜੈਦਕਾ ਟੈਕਸਟਾਈਲ’ ਨਾਂ ਦੀ ਫੈਕਟਰੀ ‘ਚ ਬੀਤੀ ਰਾਤ ਅਚਾਨਕ ਭਿਆਨਕ ਅੱਗ ਲੱਗੀ ਗਈ, ਜਿਸ ਤੋਂ ਬਾਅਦ ਫੈਕਟਰੀ ਅੰਦਰ ਮੌਜੂਦ ਲੋਕਾਂ ਨੂੰ ਇਮਾਰਤ ਦੀ ਛੱਤ ਤੋਂ ਛਾਲਾਂ ਮਾਰ ਕੇ ਆਪਣੀ ਜਾਨ ਬਚਾਉਣੀ ਪਈ। ਖਬਰ ਮੁਤਾਬਕ ਮੁਹੱਲਾ ਵਾਸੀਆਂ ਨੇ ਦੱਸਿਆ ਕਿ 200 ਗਜ਼ ਦੀ ਇਸ 3 ਮੰਜ਼ਿਲਾ ਇਮਾਰਤ ਫੈਕਟਰੀ ‘ਚ ਬੀਤੀ ਰਾਤ 12.15 ਵਜੇ ਦੇ ਕਰੀਬ ਅਚਾਨਕ ਅੱਗ ਲੱਗ ਗਈ। ਫੈਕਟਰੀ ‘ਚ 100 ਦੇ ਕਰੀਬ ਮਜ਼ਦੂਰ ਕੰਮ ਕਰਦਾ ਹੈ ਪਰ ਜਿਸ ਸਮੇਂ ਅੱਗ ਲੱਗੀ, ਉਸ ਸਮੇਂ ਫੈਕਟਰੀ ਅੰਦਰ 3 ਮਜ਼ਦੂਰ ਹੀ ਮੌਜੂਦ ਸਨ, ਜਿਨਾਂ ਦੇ ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਸੀ।


    ਇਸ ਕਾਰਨ ਇਨ੍ਹਾਂ ਮਜ਼ਦੂਰਾਂ ਨੇ ਇਮਾਰਤ ਦੀ ਛੱਤ ਤੋਂ ਗੁਆਂਢ ਦੇ ਘਰ ‘ਚ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ। ਰਾਤ ਦੇ ਕਰੀਬ 1 ਵਜੇ ਫਾਇਰ ਬ੍ਰਿਗੇਡ ਦੀਆਂ 15 ਦੇ ਕਰੀਬ ਗੱਡੀਆਂ ਮੌਕੇ ‘ਤੇ ਪੁੱਜੀਆਂ ਅਤੇ 3.30 ਵਜੇ ਦੇ ਕਰੀਬ ਅੱਗ ‘ਤੇ ਕਾਬੂ ਪਾਇਆ ਗਿਆ। ਫਿਲਹਾਲ ਫੈਕਟਰੀ ਅੰਦਰ ਮੌਜੂਦ ਕਰੋੜਾਂ ਦੇ ਸਮਾਨ ਨੂੰ ਦੂਜੀ ਥਾਂ ‘ਤੇ ਸ਼ਿਫਟ ਕਰਵਾ ਦਿੱਤਾ ਗਿਆ ਹੈ। ਫੈਕਟਰੀ ‘ਚ ਫਾਇਰ ਸੇਫਟੀ ਸਿਸਟਮ ਦੀ ਘਾਟ ਹੋਣ ਕਾਰਨ ਕਾਫੀ ਵੱਡਾ ਹਾਦਸਾ ਹੋ ਸਕਦਾ ਸੀ। ਫਿਲਹਾਲ ਜਾਨ-ਮਾਲ ਦੀ ਸੁਰੱਖਿਆ ਨੂੰ ਲੈ ਕੇ ਲੋਕਾਂ ‘ਚ ਕਾਫੀ ਰੋਸ ਪਾਇਆ ਜਾ ਰਿਹਾ ਹੈ।