
Skip to content

ਨਾਭਾ ਵਿੱਚ 4 ਅਕਤੂਬਰ ਨੂੰ ਲੱਗੇਗਾ ਵਿਸ਼ਾਲ ਖੂਨਦਾਨ ਕੈਂਪ
ਨਾਭਾ ਮੀਡੀਆ ਕਲੱਬ ਵੱਲੋਂ ਮਾਨਵ ਸੇਵਾ ਉੱਤਮ ਸੇਵਾ ਤੇ ਰਾਇਲ ਰਾਈਡਰਜ਼ ਦੇ ਸਹਿਯੋਗ ਨਾਲ ਹੋਵੇਗਾ ਆਯੋਜਨ
ਨਾਭਾ, 2 ਅਕਤੂਬਰ (ਅਰਸ਼ਦੀਪ ਸਿੰਘ ਕਾਲੜਾ): ਨਾਭਾ ਮੀਡੀਆ ਕਲੱਬ ਨਾਭਾ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਇੱਕ ਹੋਰ ਸ਼ਲਾਘਾਯੋਗ ਉਪਰਾਲਾ ਕਰਦਿਆਂ ਮਾਨਵ ਸੇਵਾ ਉੱਤਮ ਸੇਵਾ ਰਜਿ. ਨਾਭਾ ਅਤੇ ਰਾਇਲ ਰਾਈਡਰਜ਼ ਨਾਭਾ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਹ ਖੂਨਦਾਨ ਕੈਂਪ ਰਾਸ਼ਟਰੀ ਸਵੈ ਇੱਛਤ ਖੂਨਦਾਨ ਦਿਵਸ ਨੂੰ ਸਮਰਪਿਤ ਹੋਵੇਗਾ।
ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਨਾਭਾ ਮੀਡੀਆ ਕਲੱਬ ਦੇ ਚੇਅਰਮੈਨ ਜਗਨਾਰ ਸਿੰਘ ਦੁਲੱਦੀ, ਪ੍ਰਧਾਨ ਸੰਜੀਵ ਕੁਮਾਰ ਗੋਲਡੀ, ਮਾਨਵ ਸੇਵਾ ਉੱਤਮ ਸੇਵਾ ਸੰਸਥਾ ਦੇ ਮੁੱਖ ਸੇਵਾਦਾਰ ਵਿਕਾਸ ਮਿੱਤਲ ਅਤੇ ਮਨਿੰਦਰ ਸਿੰਘ ਨੇ ਦੱਸਿਆ ਕਿ ਇਹ ਵਿਸ਼ਾਲ ਖੂਨਦਾਨ ਕੈਂਪ 4 ਅਕਤੂਬਰ 2026, ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਲਾਇਨਜ਼ ਕਲੱਬ ਸਿਨੇਮਾ ਹਾਲ, ਨਾਭਾ ਵਿਖੇ ਲਗਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਖੂਨਦਾਨ ਇੱਕ ਅਜਿਹਾ ਮਹਾਨ ਕਾਰਜ ਹੈ, ਜਿਸ ਰਾਹੀਂ ਕਿਸੇ ਲੋੜਵੰਦ ਮਰੀਜ਼ ਦੀ ਜ਼ਿੰਦਗੀ ਬਚਾਉਣ ਵਿੱਚ ਯੋਗਦਾਨ ਪਾਇਆ ਜਾ ਸਕਦਾ ਹੈ। ਹਾਦਸਿਆਂ, ਗੰਭੀਰ ਬਿਮਾਰੀਆਂ, ਜਣੇਪੇ ਅਤੇ ਹੋਰ ਐਮਰਜੈਂਸੀ ਹਾਲਾਤਾਂ ਵਿੱਚ ਖੂਨ ਦੀ ਲੋੜ ਪੈਂਦੀ ਹੈ। ਇਸ ਲਈ ਸਮਾਜ ਦੇ ਹਰੇਕ ਤੰਦਰੁਸਤ ਵਿਅਕਤੀ ਨੂੰ ਆਪਣੀ ਸਮਰੱਥਾ ਅਨੁਸਾਰ ਸਵੈ-ਇੱਛਾ ਨਾਲ ਖੂਨਦਾਨ ਲਈ ਅੱਗੇ ਆਉਣਾ ਚਾਹੀਦਾ ਹੈ।
ਕਲੱਬ ਦੇ ਅਹੁਦੇਦਾਰਾਂ ਨੇ ਨਾਭਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋ ਕੇ ਖੂਨਦਾਨ ਕਰਨ ਅਤੇ ਇਸ ਨੇਕ ਕਾਰਜ ਦਾ ਹਿੱਸਾ ਬਣਨ। ਉਨ੍ਹਾਂ ਕਿਹਾ ਕਿ ਖੂਨਦਾਨ ਮਹਾਦਾਨ ਹੈ ਅਤੇ ਸਾਡੇ ਵੱਲੋਂ ਕੀਤਾ ਗਿਆ ਥੋੜ੍ਹਾ ਜਿਹਾ ਉਪਰਾਲਾ ਕਿਸੇ ਹੋਰ ਪਰਿਵਾਰ ਲਈ ਵੱਡੀ ਉਮੀਦ ਬਣ ਸਕਦਾ ਹੈ।
ਇਸ ਮੌਕੇ ਨਾਭਾ ਮੀਡੀਆ ਕਲੱਬ ਦੇ ਪ੍ਰਧਾਨ ਸੰਜੀਵ ਕੁਮਾਰ ਗੋਲਡੀ ਨੇ ਕਿਹਾ ਕਿ ਕਲੱਬ ਵੱਲੋਂ ਪੱਤਰਕਾਰੀ ਦੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਲਗਾਤਾਰ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਨਾਭਾ ਮੀਡੀਆ ਕਲੱਬ ਵੱਲੋਂ ਲੋਕ ਭਲਾਈ ਅਤੇ ਸਮਾਜ ਸੇਵਾ ਨਾਲ ਜੁੜੇ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ।
ਇਸ ਮੌਕੇ ਨਾਭਾ ਮੀਡੀਆ ਕਲੱਬ ਦੇ ਮੈਂਬਰਾਂ ਤੋਂ ਇਲਾਵਾ ਮਾਨਵ ਸੇਵਾ ਉੱਤਮ ਸੇਵਾ ਸੰਸਥਾ ਅਤੇ ਰਾਇਲ ਰਾਈਡਰਜ਼ ਨਾਭਾ ਦੇ ਅਹੁਦੇਦਾਰ ਤੇ ਸੇਵਾਦਾਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Related