ਨਵੀਂ ਦਿੱਲੀ : ਕੋਰੋਨਾ ਦੇ ਵਧ ਰਹੇ ਕਹਿਰ ਨੂੰ ਦੇਖਦੇ ਹੋਏ ਸਭ ਲਈ ਮਾਸਕ ਪਹਿਨਣਾ ਲਾਜ਼ਮੀ ਹੋ ਗਿਆ ਹੈ ਪਰ ਦੇਸ਼ ਵਿਚ ਅਜਿਹੇ ਵੀ ਕਈ ਲੋਕ ਹਨ, ਜਿਨ੍ਹਾਂ ਨੂੰ ਸੋਨਾ ਪਹਿਨਣ ਦਾ ਕਾਫੀ ਸ਼ੌਂਕ ਹੈ ਅਤੇ ਉਹ ਕੱਪੜੇ ਦਾ ਮਾਸਕ ਪਹਿਨਣ ਦੀ ਬਜਾਏ ਸੋਨੇ ਦਾ ਮਾਸਕ ਬਣਵਾ ਕੇ ਪਹਿਨਣਾ ਜ਼ਿਆਦਾ ਪਸੰਦ ਕਰਦੇ ਹਨ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੁਣੇ ਦੇ ਰਹਿਣ ਵਾਲੇ ਸ਼ੰਕਰ ਕੁਰਹਾੜੇ ਦੀ, ਜਿਨ੍ਹਾਂ ਨੂੰ ਸੋਨਾ ਪਹਿਨਣ ਦਾ ਇੰਨਾ ਜ਼ਿਆਦਾ ਸ਼ੌਂਕ ਹੈ ਕਿ ਉਨ੍ਹਾਂ ਨੇ ਫੇਸ ਮਾਸਕ ਹੀ ਸੋਨੇ ਦਾ ਬਣਵਾ ਲਿਆ, ਜਿਸ ਦੀ ਕੀਮਤ 3 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਵਿਅਕਤੀ ਨੂੰ ਗਲਡਮੈਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।


    ਦੱਸ ਦੇਈਏ ਕਿ ਪੁਣੇ ਦੇ ਨਾਲ ਪਿੰਪਰੀ ਚਿੰਚਵੜ ਵਿਚ ਰਹਿਣ ਵਾਲੇ ਸ਼ੰਕਰ ਕੁਰਹਾੜੇ ਸੋਨੇ ਦਾ ਮਾਸਕ ਪਾ ਕੇ ਘੁੰਮਦੇ ਹਨ। ਇਹ ਮਾਸਕ ਸਾਢੇ 5 ਤੋਲੇ ਦਾ ਹੈ ਅਤੇ ਇਸ ਦੀ ਕੀਮਤ ਲਗਭਗ 3 ਲੱਖ ਦੱਸੀ ਜਾ ਰਹੀ ਹੈ। ਇਸ ਸੋਨੇ ਦੇ ਮਾਸਕ ਵਿਚ ਸਾਹ ਲੈਣ ਲਈ ਛੋਟੇ-ਛੋਟੇ ਛੇਕ ਬਣੇ ਹੋਏ ਹਨ। ਮੀਡੀਆ ਮੁਤਾਬਕ ਇਹ ਦੇਸ਼ ਦਾ ਸਭ ਤੋਂ ਮਹਿੰਗਾ ਮਾਸਕ ਹੈ। ਕੁਰਹਾੜੇ ਨੂੰ ਸੋਨਾ ਪਹਿਨਣ ਦਾ ਬਹੁਤ ਸ਼ੌਕ ਹੈ। ਇਨ੍ਹਾਂ ਦੇ ਗਲੇ, ਹੱਥਾਂ ਵਿਚ ਸੋਨੇ ਦੀਆਂ ਮੋਟੀਆਂ-ਮੋਟੀਆਂ ਚੇਨ ਅਤੇ ਅੰਗੂਠੀਆਂ ਦੇਖੀਆਂ ਜਾ ਸਕਦੀਆਂ ਹਨ।