
Skip to content

ਮਨਦੀਪ ਕੇ. ਭੰਡਾਰੀ ਬਣੇ CBSE ਦੇ ਨਵੇਂ ਚੇਅਰਮੈਨ
ਨਵੀਂ ਦਿੱਲੀ (ਅਰਸ਼ਦੀਪ ਸਿੰਘ ਕਾਲੜਾ) : ਕੇਂਦਰ ਸਰਕਾਰ ਨੇ 2001 ਬੈਚ ਦੇ AGMUT ਕੈਡਰ ਦੇ ਸੀਨੀਅਰ IAS ਅਧਿਕਾਰੀ ਮਨਦੀਪ ਕੇ. ਭੰਡਾਰੀ ਨੂੰ ਕੇਂਦਰੀ ਮਾਧਿਮਕ ਸਿੱਖਿਆ ਬੋਰਡ (CBSE) ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ। 25 ਸਤੰਬਰ ਨੂੰ ਜਾਰੀ ਸਰਕਾਰੀ ਹੁਕਮ ਮੁਤਾਬਕ ਉਨ੍ਹਾਂ ਦੀ ਨਿਯੁਕਤੀ ਨੂੰ ਕੈਬਨਿਟ ਦੀ ਨਿਯੁਕਤੀ ਕਮੇਟੀ (ACC) ਵੱਲੋਂ ਮਨਜ਼ੂਰੀ ਦਿੱਤੀ ਗਈ ਹੈ।
ਮਨਦੀਪ ਕੇ. ਭੰਡਾਰੀ ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਦੇ ਪ੍ਰਿੰਸੀਪਲ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਸਨ। ਸਰਕਾਰੀ ਹੁਕਮ ਅਨੁਸਾਰ ਉਨ੍ਹਾਂ ਦੀ ਨਿਯੁਕਤੀ ਲਈ CBSE ਚੇਅਰਮੈਨ ਦੇ ਅਹੁਦੇ ਨੂੰ ਅਸਥਾਈ ਤੌਰ ’ਤੇ ਕੇਂਦਰ ਸਰਕਾਰ ਦੇ ਵਧੀਕ ਸਕੱਤਰ ਦੇ ਰੈਂਕ ਅਤੇ ਤਨਖਾਹ ਪੱਧਰ ਤੱਕ ਅਪਗ੍ਰੇਡ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਲੋਖੰਡੇ ਪ੍ਰਸ਼ਾਂਤ ਸੀਤਾਰਾਮ CBSE ਚੇਅਰਮੈਨ ਦਾ ਵਾਧੂ ਚਾਰਜ ਸੰਭਾਲ ਰਹੇ ਸਨ।
ਭੰਡਾਰੀ ਦੀ ਨਿਯੁਕਤੀ ਉਸ ਸਮੇਂ ਹੋਈ ਹੈ ਜਦੋਂ CBSE ਦੀ ਆਨ-ਸਕ੍ਰੀਨ ਮਾਰਕਿੰਗ (OSM) ਪ੍ਰਣਾਲੀ ਨੂੰ ਲੈ ਕੇ ਸਵਾਲ ਉੱਠੇ ਹਨ। 2026 ਵਿੱਚ ਕਲਾਸ 12 ਦੀਆਂ ਉੱਤਰ-ਪੁਸਤਕਾਂ ਦੇ ਡਿਜੀਟਲ ਮੁਲਾਂਕਣ ਲਈ ਇਸ ਪ੍ਰਣਾਲੀ ਤਹਿਤ ਭੌਤਿਕ ਕਾਪੀਆਂ ਨੂੰ ਸਕੈਨ ਕਰਕੇ ਮੁਲਾਂਕਣਕਾਰਾਂ ਨੂੰ ਉਪਲਬਧ ਕਰਵਾਇਆ ਗਿਆ ਸੀ। ਨਤੀਜਿਆਂ ਤੋਂ ਬਾਅਦ ਕੁਝ ਵਿਦਿਆਰਥੀਆਂ ਵੱਲੋਂ ਧੁੰਦਲੀਆਂ ਸਕੈਨ ਕਾਪੀਆਂ, ਪੰਨੇ ਗੁੰਮ ਹੋਣ ਅਤੇ ਪੋਰਟਲ ਨਾਲ ਸਬੰਧਤ ਤਕਨੀਕੀ ਸਮੱਸਿਆਵਾਂ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ।
ਇਸ ਮਾਮਲੇ ਵਿੱਚ OSM ਸੇਵਾਵਾਂ ਦੀ ਖਰੀਦ ਪ੍ਰਕਿਰਿਆ ਅਤੇ ਡਿਜੀਟਲ ਮੁਲਾਂਕਣ ਨਾਲ ਜੁੜੇ ਪ੍ਰਬੰਧਾਂ ਦੀ ਜਾਂਚ ਦੇ ਹੁਕਮ ਵੀ ਦਿੱਤੇ ਗਏ ਸਨ। ਜੂਨ ਵਿੱਚ ਤਤਕਾਲੀ CBSE ਚੇਅਰਮੈਨ ਰਾਹੁਲ ਸਿੰਘ ਅਤੇ ਸਕੱਤਰ ਹਿਮਾਂਸ਼ੂ ਗੁਪਤਾ ਨੂੰ ਤਬਦੀਲ ਕਰਨ ਦੇ ਨਾਲ OSM ਸੇਵਾਵਾਂ ਦੀ ਖਰੀਦ ਸਬੰਧੀ ਜਾਂਚ ਸ਼ੁਰੂ ਕੀਤੀ ਗਈ ਸੀ।
ਮਨਦੀਪ ਕੇ. ਭੰਡਾਰੀ ਨੂੰ ਜੰਮੂ-ਕਸ਼ਮੀਰ ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਵਿੱਚ ਵੱਖ-ਵੱਖ ਅਹੁਦਿਆਂ ’ਤੇ ਕੰਮ ਕਰਨ ਦਾ ਤਜਰਬਾ ਹੈ। CBSE ਦੇ ਨਵੇਂ ਚੇਅਰਮੈਨ ਵਜੋਂ ਉਨ੍ਹਾਂ ਦੇ ਸਾਹਮਣੇ ਪ੍ਰੀਖਿਆ ਪ੍ਰਬੰਧਨ, ਮੁਲਾਂਕਣ ਪ੍ਰਕਿਰਿਆ ਅਤੇ ਬੋਰਡ ਦੀਆਂ ਡਿਜੀਟਲ ਸੇਵਾਵਾਂ ਨਾਲ ਜੁੜੇ ਮਾਮਲੇ ਅਹਿਮ ਰਹਿਣਗੇ।

Related