ਨਵੀਂ ਦਿੱਲੀ(ਵੈਲਕਮ ਬਿਉਰੋ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਵੱਡਾ ਖੁੱਲ੍ਹਾਸਾ ਕੀਤਾ ਹੈ ਕਿ ਦਿੱਲੀ ਪੁਲਿਸ ਦੇ ਆਰਥਿਕ ਅਪਰਾਧ ਵਿੰਗ (ਈ ਓ ਡਬਲਿਊ) ਵੱਲੋਂ 28 ਦਸੰਬਰ 2022 ਨੂੰ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਖਿਲਾਫ 10 ਲੱਖ ਰੁਪਏ ਦੇ ਗਬਨ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ  ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਹੈਰਾਨੀ ਵਾਲੀ ਗੱਲ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਵਿਚ 10 ਹਜ਼ਾਰ ਤੋਂ ਵੱਧ ਦੀ ਰਕਮ ਕਿਸੇ ਨੂੰ ਵੀ ਨਗਦ ਨਹੀਂ ਦਿੱਤੇ ਜਾ ਸਕਦੇ ਪਰ ਮਨਜੀਤ ਸਿੰਘ ਜੀ. ਕੇ. ਨੇ ਪ੍ਰਧਾਨ ਹੁੰਦਿਆਂ ਗੁਰੂ ਤੇਗਬਹਾਦਰ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਮੁਲਾਜ਼ਮ ਹਰਜੀਤ ਸਿੰਘ ਦੇ ਨਾਂ ’ਤੇ 10 ਲੱਖ ਰੁਪਏ ਦੀ ਅਦਾਇਗੀ ਦਾ ਵੋਚਰ ਪਾ ਕੇ 10 ਲੱਖ ਰੁਪਏ ਦਾ ਗਬਨ ਕੀਤਾਹੈ।
ਉਹਨਾਂ ਦੱਸਿਆ ਕਿ ਜਦੋਂ ਕਮੇਟੀ ਨੇ ਇਸ ਮਾਮਲੇ ਵਿਚ ਸਬੰਧਤ ਹਰਜੀਤ ਸਿੰਘ ਤੋਂ ਪੁੱਛਿਆ ਤਾਂ ਉਹਨਾਂ ਸਪਸ਼ਟ ਕੀਤਾ ਕਿ ਉਸਨੇ ਅਜਿਹਾ ਕੋਈ ਪੈਸਾ ਨਹੀਂ ਲਿਆ। ਇਸ ਮਾਮਲੇ ਵਿਚ ਸੰਸਥਾ ਦੇ ਡਾਇਰੈਕਟਰ ਮੈਡਮ ਨੇ ਦੱਸਿਆ ਕਿ ਸੰਸਥਾ ਵੱਲੋਂ ਕਮੇਟੀ ਨੂੰ ਕਰੋੜਾਂ ਰੁਪਏ ਦਿੱਤੇ ਜਾਂਦੇ ਹਨ, ਅਜਿਹੇ ਵਿਚ ਇਹ ਪੈਸਾ ਕਮੇਟੀ ਸੰਸਥਾ ਨੂੰ ਕਿਵੇਂ ਦੇ ਸਕਦੀ ਹੈ ?
ਉਹਨਾਂ ਦੱਸਿਆ ਕਿ ਜੋ ਕੇਸ ਮਨਜੀਤ ਸਿੰਘ ਜੀ ਕੇ ਦੇ ਖਿਲਾਫ ਦਰਜ ਕੀਤਾ ਗਿਆ ਹੈ, ਉਹ ਧਾਰਾ 409, 420, 467, 468, 471 ਅਤੇ 120 ਬੀ ਆਈ ਪੀ ਸੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਭਾਵੇਂ ਅਮਰੀਕਾ ਜਾਣ ਦੀ ਗੱਲ ਹੋਵੇ ਜਾਂ ਕੈਨੇਡਾ ਡਾਲਰ ਭੇਜਣ ਦੀ ਗੱਲ ਹੋਵੇ,ਇਹ ਮਾਮਲੇ ਵੱਖਰੇ ਤੌਰ ’ਤੇ ਮਨਜੀਤ ਸਿੰਘ ਜੀ. ਕੇ. ਦੇ ਖਿਲਾਫ ਚਲ ਰਹੇ ਹਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਸਾਡੇ ਪ੍ਰਬੰਧਕ ਵਿਦੇਸ਼ਾਂ ਦੇ ਦੌਰੇ ’ਤੇ ਜਾਂਦੇ ਸਨ ਤਾਂ ਕਮੇਟੀ ਵਾਸਤੇ ਸੰਗਤਾਂ ਤੋਂ ਮਾਇਆ ਇਕੱਤਰ ਕਰ ਕੇ ਲਿਆਉਂਦੇ ਸਨ ਪਰ ਮਨਜੀਤ ਸਿੰਘ ਜੀ.ਕੇ. ਇਕੱਲੇ ਪ੍ਰਧਾਨ ਹੋਏ ਜਿਹਨਾਂ ਨੇ ਵਿਦੇਸ਼ਾਂ ਵਿਚ ਗੁਰੂਘਰਾਂ ਨੂੰਚੰਦਾਂ ਦੇਣ ਦੇ ਨਾਂ ’ਤੇ ਲੱਖਾਂ ਡਾਲਰਾਂ ਤੇ ਕਰੋੜਾਂ ਰੁਪਏ ਦਾ ਘਪਲਾ ਕੀਤਾ।
ਉਹਨਾਂ ਦੱਸਿਆ ਕਿ ਜੋ ਮੌਜੂਦਾ ਐਫ ਆਈ ਆਰ ਦਰਜ ਕੀਤੀ ਗਈ ਹੈ, ਉਸਦੀ ਸ਼ਿਕਾਇਤ ਅਸੀਂ 26 ਸਤੰਬਰ 2019 ਨੂੰ ਡਿਪਟੀ ਕਮਿਸ਼ਨਰਆਫ ਪੁਲਿਸ ਪਾਰਲੀਮੈਂਟ ਸਟ੍ਰੀਟ ਨੁੰ ਦਿੱਤੀ ਸੀ। ਇਸ ਮਾਮਲੇ ਵਿਚ 10 ਲੱਖ ਰੁਪਏ ਦਾ ਕੈਸ਼ ਵਾਉੁਚਰ ਜੀ ਟੀ ਬੀ ਆਈ ਟੀ ਕਾਲਜ ਰਾਜੌਰੀ ਗਾਰਡਨ ਦੇ ਨਾਂ ’ਤੇ ਨਗਦ ਅਦਾਇਗੀ ਵਿਖਾਈ ਗਈ ਸੀ। ਉਹਨਾਂ ਦੱਸਿਆ ਕਿਜਦੋਂ ਵਾਉਚਰ ਵੇਖਿਆ ਤਾਂ ਸ਼ੱਕ ਹੋਇਆ ਕਿਉਂਕਿ 10 ਹਜ਼ਾਰ ਰੁਪਏ ਤੋਂ ਵੱਧ ਦੀ ਅਦਾਇਗੀ ਦਿੱਲੀ ਗੁਰਦੁਆਰਾ ਕਮੇਟੀ ਵਿਚੋਂ ਨਹੀਂ ਕੀਤੀ ਜਾਂਦੀ। ਦੂਜਾ ਪੱਖ ਸੀ ਕਿ ਜਿਸ ਸੰਸਥਾ ਤੋਂ ਕਰੋੜਾਂ ਰੁਪਏ ਲਏ ਹਨ, ਉਸ ਸੰਸਥਾ ਨੂੰ 10 ਲੱਖ ਰੁਪਏ ਦੇਣ ਦੀ ਕੋਈ ਤੁੱਕ ਨਹੀਂ ਬਣਦੀ। ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀਗਈਤੇ ਲਿਖਤੀ ਜਵਾਬਤਲਬੀ ਕੀਤੀ ਗਈ ਤੇ ਸਾਰਾ ਰਿਕਾਰਡ ਚੈਕ ਕੀਤਾ ਗਿਆ।
ਉਹਨਾਂ ਦੱਸਿਆ ਕਿ ਇਹ ਵਾਉਚਰ 19 ਅਗਸਤ 2016 ਨੂੰ ਪਾਇਆ ਗਿਆ ਜਿਸ ਦੇ ਨਾਲ ਕੋਰੇ ਕਾਗਜ਼ ’ਤੇ ਅਪਰੂਵਲ ਹੈ ਜੋ ਮਨਜੀਤ ਸਿੰਘ ਜੀ.ਕੇ. ਨੇ ਦਿੱਤੀ ਹੈ ਕਿ 10 ਲੱਖ ਰੁਪਏ ਦੀ ਅਦਾਇਗੀ ਦੀ ਪ੍ਰਵਾਨਗੀ ਦਿੱਤੀ ਜਾਂਦੀਹੈ।
ਉਹਨਾਂ ਦੱਸਿਆ ਕਿ ਦਿੱਲੀ ਪੁਲਿਸ ਦੇ ਈ ਓ ਡਬਲਿਊ ਵਿੰਗ ਨੇ ਸਾਰੇ ਮਾਮਲੇ ਦੀ ਜਾਂਚ ਕੀਤੀ ਤੇ ਦੋ ਦਿਨ ਪਹਿਲਾਂ ਸਾਨੂੰ ਜਾਣਕਾਰੀ ਦਿੱਤੀ ਕਿ 28 ਦਸੰਬਰ 2022 ਨੂੰ ਇਹ ਕੇਸ ਦਰਜ ਹੋਇਆ ਜਿਸ ਅਧੀਨ ਲੱਗੀਆਂ ਧਾਰਾਵਾਂ ਬਹੁਤ ਸੰਗੀਨਹਨ ਜਿਹਨਾਂ ਤਹਿਤ 10 ਸਾਲ ਤੱਕ ਦੀ ਸਜ਼ਾ ਦੀ ਵਿਵਸਥਾ ਹੈ।
ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ.ਕੇ. ਵੱਲੋਂਕੀਤਾ ਗਿਆ ਇਹ ਬਹੁਤ ਵੱਡਾ ਘਪਲਾ ਸੀ। ਉਹਨਾਂ ਕਿਹਾ ਕਿ ਦੋ ਐਫ ਆਈ ਆਰ ਪਹਿਲਾਂ ਹੀ ਦਰਜ ਹਨ ਜਿਹਨਾਂ ਵਿਚ 9 ਜਨਵਰੀ 2019 ਵਿਚ ਐਫ ਆਈ ਆਰ ਨੰਬਰ 0003 ਅਤੇ ਦੂਜੀ ਐਫ ਆਈ ਆਰ 12.11.2020 ਨੁੰ ਈ ਓ ਡਬਲਿਊ ਵੱਲੋਂ 192 ਨੰਬਰ ਦਰਜ ਕੀਤੀ ਗਈ ਸੀ ਤੇ ਅੱਜ ਤੀਜੀ ਐਫਆਈ ਆਰ ਦਰਜ ਹੋਈ ਹੈ। ਉਹਨਾਂ ਦੱਸਿਆ ਕਿ ਅਸੀਂ ਹੋਰ ਮਾਮਲਿਆਂ ਵਿਚ ਵੀ ਨੋਟਿਸ ਦਿੱਤੇ ਹੋਏ ਹਨ ਤੇ ਜਾਂਚ ਜਾਰੀ ਹੈ ਜਿਹਨਾਂ ਵਿਚ ਮਨਜੀਤ ਸਿੰਘ ਜੀ.ਕੇ. ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ ਤੇ ਸਾਰੀ ਜਾਂਚ ਵਿਚ ਸਭ ਕੁਝ ਸਾਹਮਣੇ ਆ ਜਾਵੇਗਾ।
ਉਹਨਾਂ ਕਿਹਾ ਕਿ ਇਹ ਸਾਰਾ ਮਾਮਲਾ ਸੰਗਤ ਦੇ ਸਾਹਮਣੇ ਇਸ ਕਰ ਕੇ ਰੱਖਿਆ ਹੈ ਤਾਂ ਜੋ ਸੰਗਤਾਂ ਨੂੰ ਮਨਜੀਤ ਸਿੰਘ ਜੀ.ਕੇ. ਦੇ ਕਾਰਨਾਮਿਆਂ ਦੀ ਸੱਚ ਪਤਾ ਲੱਗ ਸਕੇ ਕਿਉਂਕਿ ਜੀ.ਕੇ ਅੱਜ ਵੀ ਇਸ ਤਰੀਕੇ ਵਿਚਰਦੇ ਹਨ ਜਿਵੇਂ ਦੁੱਧ ਧੋਤੇ ਹੋਣ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਮਨਜੀਤ ਸਿੰਘ ਜੀ.ਕੇ. ਨੇ ਗੁਰੂ ਦੀ ਗੋਲਕ ਲੁੱਟ ਕੇ ਖਾਧੀ ਹੈ ਜੋ ਬਹੁਤ ਹੀਸ਼ਰਮਨਾਕ ਕਾਰਾ ਹੈ।