ਜਲੰਧਰ ’ਚ ਕੂੜੇ ਦੇ ਮੁੱਦੇ ’ਤੇ 3 ਘੰਟੇ ਧਰਨਾ, ਮਨਜੀਤ ਸਿੰਘ ਟੀਟੂ ਨੇ ਘੇਰੀ ਆਮ ਆਦਮੀ ਪਾਰਟੀ ਦੀ ਸਰਕਾਰ

ਜਲੰਧਰ (ਅਰਸ਼ਦੀਪ ਸਿੰਘ ਕਾਲੜਾ) : ਵਾਰਿਆਣਾ ਡੰਪ ਰੋਡ ’ਤੇ ਕੂੜੇ ਦੀ ਸਮੱਸਿਆ ਨੂੰ ਲੈ ਕੇ ਲਗਭਗ ਤਿੰਨ ਘੰਟੇ ਲੱਗੇ ਧਰਨੇ ਨੇ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਮਾਮਲੇ ਨੂੰ ਲੈ ਕੇ ਸ. ਮਨਜੀਤ ਸਿੰਘ ਟੀਟੂ, ਕੌਂਸਲਰ ਵਾਰਡ ਨੰਬਰ 50 ਅਤੇ ਭਾਜਪਾ ਦੇ ਵਿਰੋਧੀ ਧਿਰ ਦੇ ਨੇਤਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ।

ਉਨ੍ਹਾਂ ਕਿਹਾ ਕਿ ਜਲੰਧਰ ਤੋਂ ਲੈ ਕੇ ਲੁਧਿਆਣਾ ਤੱਕ ਕੂੜੇ ਦੇ ਮੁੱਦੇ ’ਤੇ ਸਾਹਮਣੇ ਆ ਰਹੇ ਵਿਰੋਧ ਇਹ ਸਵਾਲ ਖੜ੍ਹੇ ਕਰਦੇ ਹਨ ਕਿ ਜਦੋਂ ਸੱਤਾਧਾਰੀ ਪਾਰਟੀ ਦੇ ਕੌਂਸਲਰ ਹੀ ਆਪਣੇ ਮੇਅਰ ਅਤੇ ਨਗਰ ਨਿਗਮ ਦੇ ਕੰਮਕਾਜ ਨੂੰ ਲੈ ਕੇ ਧਰਨੇ ਲਗਾਉਣ ਲਈ ਮਜਬੂਰ ਹੋਣ, ਤਾਂ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਿਵੇਂ ਹੋਵੇਗਾ?

ਟੀਟੂ ਨੇ ਕਿਹਾ ਕਿ ਲੁਧਿਆਣਾ ਵਿੱਚ ਵੀ ‘ਆਪ’ ਦੀ ਕੌਂਸਲਰ ਨਿਧੀ ਗੁਪਤਾ ਵੱਲੋਂ ਕੂੜੇ ਦੇ ਡੰਪ ਦੇ ਮੁੱਦੇ ’ਤੇ ਧਰਨਾ ਲਗਾਉਣ ਦਾ ਮਾਮਲਾ ਚਰਚਾ ਵਿੱਚ ਰਿਹਾ ਹੈ। ਹੁਣ ਜਲੰਧਰ ਵਿੱਚ ਵੀ ਕੂੜੇ ਦੀ ਸਮੱਸਿਆ ਨੂੰ ਲੈ ਕੇ ਲੋਕਾਂ ਦਾ ਰੋਸ ਸਾਹਮਣੇ ਆਇਆ ਹੈ। ਇਹ ਹਾਲਾਤ ਸਥਾਨਕ ਸਰਕਾਰਾਂ ਦੇ ਕੰਮਕਾਜ ਅਤੇ ਅਧਿਕਾਰੀਆਂ ਦੀ ਜਵਾਬਦੇਹੀ ਬਾਰੇ ਗੰਭੀਰ ਸਵਾਲ ਖੜ੍ਹੇ ਕਰਦੇ ਹਨ।

ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਮੇਅਰ ਅੱਗੇ ਵਾਰ-ਵਾਰ ਮੰਗਾਂ ਰੱਖਣ ਦੇ ਬਾਵਜੂਦ ਜੇਕਰ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ, ਤਾਂ ਲੋਕਾਂ ਅਤੇ ਚੁਣੇ ਹੋਏ ਨੁਮਾਇੰਦਿਆਂ ਦਾ ਨਾਰਾਜ਼ ਹੋਣਾ ਸੁਭਾਵਿਕ ਹੈ। ਕੂੜੇ ਦੀ ਸਮੱਸਿਆ ਸਿਰਫ਼ ਸਫ਼ਾਈ ਤੱਕ ਸੀਮਿਤ ਨਹੀਂ, ਸਗੋਂ ਲੋਕਾਂ ਦੀ ਸਿਹਤ ਅਤੇ ਸ਼ਹਿਰ ਦੇ ਵਾਤਾਵਰਣ ਨਾਲ ਵੀ ਜੁੜੀ ਹੋਈ ਹੈ।

‘ਬਿੱਲੀ ਨਿਕਲੀ ਥੈਲਿਓਂ ਬਾਹਰ’

ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਕੂੜੇ ਦੇ ਮੁੱਦੇ ’ਤੇ ਆਪਣੀ ਹੀ ਸਰਕਾਰ ਅਤੇ ਨਗਰ ਨਿਗਮ ਖ਼ਿਲਾਫ਼ ਉੱਠ ਰਹੇ ਵਿਰੋਧ ਨੇ ਪ੍ਰਸ਼ਾਸਨ ਦੇ ਕੰਮਕਾਜ ਬਾਰੇ ਚਰਚਾ ਤੇਜ਼ ਕਰ ਦਿੱਤੀ ਹੈ। ਉਨ੍ਹਾਂ ਅਨੁਸਾਰ, ਜੇਕਰ ਸੱਤਾਧਾਰੀ ਪਾਰਟੀ ਦੇ ਕੌਂਸਲਰਾਂ ਨੂੰ ਵੀ ਆਪਣੀਆਂ ਮੰਗਾਂ ਮਨਵਾਉਣ ਲਈ ਧਰਨਿਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ, ਤਾਂ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਣ ਦੀ ਲੋੜ ਹੈ।

ਉਨ੍ਹਾਂ ਮੰਗ ਕੀਤੀ ਕਿ ਜਲੰਧਰ ਨਗਰ ਨਿਗਮ ਵਾਰਿਆਣਾ ਡੰਪ ਰੋਡ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰੇ, ਕੂੜੇ ਦੀ ਨਿਯਮਤ ਚੁਕਾਈ ਯਕੀਨੀ ਬਣਾਈ ਜਾਵੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਤੋਂ ਜਵਾਬ ਮੰਗਿਆ ਜਾਵੇ।

ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਨਿਗਮ ਪ੍ਰਸ਼ਾਸਨ ਲੋਕਾਂ ਅਤੇ ਕੌਂਸਲਰਾਂ ਵੱਲੋਂ ਉਠਾਏ ਗਏ ਸਵਾਲਾਂ ’ਤੇ ਕੀ ਕਾਰਵਾਈ ਕਰਦਾ ਹੈ।