
Skip to content

ਮਾਨਸਾ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ: ਮਾਂ ਨੇ 3 ਮਾਸੂਮ ਬੱਚਿਆਂ ਦਾ ਕਤਲ ਕਰ ਖੁਦ ਵੀ ਕੀਤੀ ਖੁਦਕੁਸ਼ੀ
ਮਾਨਸਾ (ਅਰਸ਼ਦੀਪ ਸਿੰਘ ਕਾਲੜਾ) :- ਪੰਜਾਬ ਦੇ ਮਾਨਸਾ ਤੋਂ ਇੱਕ ਬੇਹੱਦ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਔਰਤ ਨੇ ਆਪਣੇ ਤਿੰਨ ਨਾਬਾਲਗ ਬੱਚਿਆਂ ਦੀ ਕਥਿਤ ਤੌਰ ‘ਤੇ ਹੱਤਿਆ ਕਰਨ ਤੋਂ ਬਾਅਦ ਖੁਦ ਵੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਅਤੇ ਸਨਾਟਾ ਛਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਮਹਿਲਾ ਦੇ ਪਤੀ ਦੀ ਕਰੀਬ ਚਾਰ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਉਹ ਆਪਣੀ ਸੱਸ ਅਤੇ ਤਿੰਨ ਬੱਚਿਆਂ ਨਾਲ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ। ਪੁਲਿਸ ਮੁਤਾਬਕ, ਮਹਿਲਾ ਨੇ ਪਹਿਲਾਂ ਆਪਣੇ ਬੱਚਿਆਂ ਨੂੰ ਕਥਿਤ ਤੌਰ ‘ਤੇ ਕੋਈ ਜ਼ਹਿਰੀਲੀ ਚੀਜ਼ ਦਿੱਤੀ ਅਤੇ ਫਿਰ ਉਨ੍ਹਾਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦ ਵੀ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਮ੍ਰਿਤਕ ਬੱਚਿਆਂ ਦੀ ਪਛਾਣ ਮੋਟੋ ਕੌਰ (13), ਕਾਲੂ ਕੌਰ (8) ਅਤੇ ਡੇਢ ਸਾਲਾ ਵਿਸ਼ਵਾਸ ਵਜੋਂ ਹੋਈ ਹੈ।
ਮ੍ਰਿਤਕਾ ਦੇ ਰਿਸ਼ਤੇਦਾਰ ਰੋਸ਼ਨ ਸਿੰਘ ਨੇ ਦੱਸਿਆ ਕਿ ਘਟਨਾ ਦਾ ਪਤਾ ਉਸ ਵੇਲੇ ਲੱਗਾ ਜਦੋਂ ਘਰ ਦੇ ਬਾਹਰ ਇੱਕ ਬੱਚਾ ਰੋਂਦਾ ਹੋਇਆ ਮਿਲਿਆ। ਘਰ ਅੰਦਰ ਜਾ ਕੇ ਦੇਖਿਆ ਤਾਂ ਸੰਦੀਪ ਕੌਰ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ, ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਥਾਣਾ ਸਿਟੀ-2 ਦੇ ਜਾਂਚ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਚਾਰਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੱਚਿਆਂ ਨੂੰ ਪਹਿਲਾਂ ਕੋਈ ਜ਼ਹਿਰੀਲੀ ਵਸਤੂ ਦਿੱਤੀ ਗਈ ਅਤੇ ਬਾਅਦ ਵਿੱਚ ਉਨ੍ਹਾਂ ਦਾ ਗਲਾ ਘੁੱਟਿਆ ਗਿਆ। ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
Related