ਬੇਅਦਬੀ ਕਾਨੂੰਨ ‘ਤੇ ਭੜਕੇ ਬਲਕੌਰ ਸਿੰਘ, ‘ਆਪ’ ਵਿਧਾਇਕਾਂ ਤੋਂ ਮੰਗੇ ਅਸਤੀਫੇ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਨਵੇਂ ਬੇਅਦਬੀ ਵਿਰੋਧੀ ਕਾਨੂੰਨ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ‘ਆਪ’ ਦੇ ਵਿਧਾਇਕਾਂ ਨੇ ਕਾਨੂੰਨ ਦੇ ਖਰੜੇ ਨੂੰ ਬਿਨਾਂ ਪੜ੍ਹੇ ਹੀ ਮਨਜ਼ੂਰੀ ਦਿੱਤੀ ਅਤੇ ਕਿਹਾ ਕਿ ਅਜਿਹੇ ਵਿਧਾਇਕਾਂ ਨੂੰ ਨੈਤਿਕ ਆਧਾਰ ‘ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਬਲਕੌਰ ਸਿੰਘ ਨੇ ਕਿਹਾ ਕਿ ਪੰਜਾਬ ਦੇ ‘ਆਪ’ ਵਿਧਾਇਕ ਦਿੱਲੀ ਦੇ ਇਸ਼ਾਰਿਆਂ ‘ਤੇ ਕੰਮ ਕਰਦੇ ਹਨ ਅਤੇ ਜਿਵੇਂ ਹੁਕਮ ਮਿਲਦਾ ਹੈ, ਉਸੇ ਤਰ੍ਹਾਂ ਫ਼ੈਸਲੇ ਲਏ ਜਾਂਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਕਾਨੂੰਨ ਬਣਾਉਣਾ ਵਿਧਾਇਕਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ, ਪਰ ਜੇਕਰ ਉਹ ਬਿਨਾਂ ਪੜ੍ਹੇ ਹੀ ਬਿੱਲਾਂ ਨੂੰ ਮਨਜ਼ੂਰੀ ਦੇਣ, ਤਾਂ ਇਹ ਲੋਕਤੰਤਰ ਲਈ ਮੰਦਭਾਗੀ ਗੱਲ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਬੇਅਦਬੀ ਵਿਰੋਧੀ ਕਾਨੂੰਨ ਦੇ ਮਾਮਲੇ ‘ਚ ਪੰਜਾਬ ਦੇ ਸਾਰੇ ਸਿੱਖ ਵਿਧਾਇਕਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਗਿਆ ਸੀ। ਇਸ ਦੌਰਾਨ ਕਈ ਵਿਧਾਇਕਾਂ ਨੇ ਮੰਨਿਆ ਸੀ ਕਿ ਉਨ੍ਹਾਂ ਨੂੰ ਕਾਨੂੰਨ ਦਾ ਖਰੜਾ ਪੜ੍ਹਨ ਲਈ ਪੂਰਾ ਸਮਾਂ ਨਹੀਂ ਮਿਲਿਆ ਅਤੇ ਜਲਦਬਾਜ਼ੀ ਵਿੱਚ ਸਹਿਮਤੀ ਦੇਣ ਲਈ ਕਿਹਾ ਗਿਆ ਸੀ।

ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਕਈ ਵਿਧਾਇਕਾਂ ਨੂੰ ਤਾਂ ਬੇਅਦਬੀ ਕਾਨੂੰਨ ਦੇ ਮੁੱਖ ਪ੍ਰਬੰਧਾਂ ਦੀ ਵੀ ਜਾਣਕਾਰੀ ਨਹੀਂ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਵੱਲੋਂ ਬਿੱਲ ‘ਤੇ ਵਿਸਤ੍ਰਿਤ ਚਰਚਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਮੇਟੀ ਦੀ ਰਾਏ ਲੈਣ ਦੀ ਮੰਗ ਕੀਤੀ ਗਈ ਸੀ, ਪਰ ਪੰਜਾਬ ਸਰਕਾਰ ਨੇ ਇਸ ਨੂੰ ਨਜ਼ਰਅੰਦਾਜ਼ ਕਰਦਿਆਂ ਬਿੱਲ ਜਲਦਬਾਜ਼ੀ ਵਿੱਚ ਪਾਸ ਕਰਵਾ ਦਿੱਤਾ।

ਬਲਕੌਰ ਸਿੰਘ ਨੇ ਦਾਅਵਾ ਕੀਤਾ ਕਿ ਜੇਕਰ ਸਰਕਾਰ ਅਤੇ ਇਸ ਦੇ ਵਿਧਾਇਕ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨੂੰ ਢੰਗ ਨਾਲ ਨਿਭਾਉਣ ਵਿੱਚ ਅਸਫਲ ਰਹੇ ਹਨ, ਤਾਂ ਉਨ੍ਹਾਂ ਨੂੰ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।