ਇੱਕ ਮੈਰਿਜ ਪੈਲੇਸ ‘ਚ ਵਿਆਹ ਸਮਾਗਮ ਦੌਰਾਨ ਆਰਕੈਸਟਰਾ ਗਰੁੱਪ ਦੀ ਮਾਡਲ ਨਾਲ ਇਕ ਬੰਦੇ ਨੇ ਬਦਸਲੂਕੀ ਕੀਤੀ, ਜਿਸ ਦਾ ਵੀਡੀਓ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋ ਗਿਆ। ਦੋਸੀ ਡੀਐਸਪੀ ਦਾ ਰੀਡਰ ਦੱਸਿਆ ਜਾਂਦਾ ਹੈ।
ਮਾਡਲ ਨੇ ਮਾਮਲੇ ‘ਚ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਸਮਰਾਲਾ ਪੁਲਿਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਜਗਰੂਪ ਸਿੰਘ ਉਰਫ਼ ਜੁਪਾ ਲੁਧਿਆਣਾ ਦੇ ਕਿਸੇ ਥਾਣੇ ਵਿੱਚ ਤਾਇਨਾਤ ਹੈ।
ਮਾਡਲ ਕੁੜੀ ਨੇ ਦੱਸਿਆ ਕਿ ਜਦੋਂ ਉਹ ਮੈਰਿਜ ਪੈਲੇਸ ‘ਚ ਇਕ ਸਮਾਗਮ ‘ਚ ਸਟੇਜ ‘ਤੇ ਪਰਫਾਰਮ ਕਰ ਰਹੀ ਸੀ ਤਾਂ ਹੇਠਾਂ ਖੜ੍ਹਾ ਇਕ ਵਿਅਕਤੀ ਅਤੇ ਉਸ ਦੇ ਦੋਸਤ ਉਸ ਵੱਲ ਇਸ਼ਾਰਾ ਕਰ ਰਹੇ ਸਨ। ਉਸ ਨੇ ਉਸ ਨੂੰ ਸਟੇਜ ਤੋਂ ਹੇਠਾਂ ਆਉਣ ਅਤੇ ਉਸ ਦੇ ਨਾਲ ਡਾਂਸ ਕਰਨ ਲਈ ਕਿਹਾ ਪਰ ਉਸਨੇ ਇਨਕਾਰ ਕਰ ਦਿੱਤਾ।
ਕੁਝ ਦੇਰ ਬਾਅਦ ਉਹ ਫਿਰ ਇਸ਼ਾਰਾ ਕਰਨ ਲੱਗਾ। ਉਨ੍ਹਾਂ ਕਿਹਾ ਕਿ ਸਟੇਜ ਤੋਂ ਹੇਠਾਂ ਆ ਜਾਓ, ਨਹੀਂ ਤਾਂ ਇੱਥੋਂ ਭੱਜ ਜਾਓ। ਜਦੋਂ ਉਸ ਨੇ ਨਾਂਹ ਕੀਤੀ ਤਾਂ ਹੇਠਾਂ ਤੋਂ ਆਏ ਵਿਅਕਤੀ ਨੇ ਸ਼ਰਾਬ ਨਾਲ ਭਰਿਆ ਗਿਲਾਸ ਉਸ ‘ਤੇ ਸੁੱਟ ਦਿੱਤਾ ਪਰ ਉਹ ਵਾਲ-ਵਾਲ ਬਚ ਗਈ। ਇਸ ਨਾਲ ਉਸ ਦੇ ਸਨਮਾਨ ਨੂੰ ਠੇਸ ਪਹੁੰਚੀ ਹੈ। ਉਸ ਨੇ ਗੁੱਸੇ ਵਿਚ ਆ ਕੇ ਉਨ੍ਹਾਂ ਲੋਕਾਂ ਨੂੰ ਗਾਲ੍ਹਾਂ ਵੀ ਕੱਢੀਆਂ। ਇਸ ਤੋਂ ਬਾਅਦ ਪ੍ਰਬੰਧਕ ਉਸ ਨੂੰ ਸਟੇਜ ਤੋਂ ਦੂਰ ਲੈ ਗਏ।
ਡੀਐਸਪੀ ਤ੍ਰਿਲੋਚਨ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਕੋਲ ਮੈਰਿਜ ਪੈਲੇਸ ਵਿੱਚ ਕੁੜੀ ਨਾਲ ਬਦਸਲੂਕੀ ਕਰਨ ਸਬੰਧੀ ਸ਼ਿਕਾਇਤ ਆਈ ਸੀ। ਜਾਂਚ ਤੋਂ ਬਾਅਦ ਜਗਰੂਪ ਸਿੰਘ ਉਰਫ਼ ਜੁਪਾ (ਵਾਸੀ ਪਿੰਡ ਰਾਣਵਾ) ਅਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਦੋਸ਼ੀ ਹਾਲੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।