Skip to content
ਸ੍ਰੀ ਮੁਕਤਸਰ ਸਾਹਿਬ (ਪ੍ਰਬੋਧ ਸ਼ਰਮਾ) ਸੇਵਾ ਮੁਕਤ ਕਰਮਚਾਰੀਆਂ ਅਤੇ ਫੈਮਲੀ ਪੈਨਸ਼ਨਰਾਂ ਦੇ ਹੱਕਾਂ ਲਈ ਪਿਛਲੇ ਕਈ ਸਾਲਾਂ ਤੋਂ ਸਾਰਥਿਕ ਸੰਘਰਸ਼ ਕਰਦੀ ਆ ਰਹੀ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਜਿਲ੍ਹਾ ਇਕਾਈ ਦੀ ਮਾਸਿਕ ਮੀਟਿੰਗ ਆਉਂਦੀ 08 ਨਵੰਬਰ ਸ਼ਨੀਵਾਰ ਨੂੰ ਸਵੇਰੇ 10:00 ਵਜੇ ਸਥਾਨਕ ਕੋਟਕਪੂਰਾ ਰੋਡ ਸਥਿਤ ਸ.ਸ.ਸ.ਸ. (ਲੜਕੇ) ਵਿਖੇ ਹੋਵੇਗੀ। ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਸੇਵਾ ਮੁਕਤ ਕਰਮਚਾਰੀ ਜਥੇਬੰਦੀਆਂ ਦੇ ਅਹੁਦੇਦਾਰ ਅਤੇ ਮੈਂਬਰ ਵੱਡੀ ਗਿਣਤੀ ਵਿੱਚ ਭਾਗ ਲੈਣਗੇ। ਮੀਟਿੰਗ ਦੀ ਪ੍ਰਧਾਨਗੀ ਉੱਘੇ ਟਰੇਡ ਯੂਨੀਅਨ ਆਗੂ ਅਤੇ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਕਰਮਜੀਤ ਸ਼ਰਮਾ ਕਰਨਗੇ। ਮੀਟਿੰਗ ਦੌਰਾਨ ਸਟੇਜ ਸੰਚਾਲਨ ਲੰਮੇ ਸਮੇਂ ਤੋਂ ਮੁਲਾਜ਼ਮ ਹੱਕਾਂ ਲਈ ਸੰਘਰਸ਼ਸ਼ੀਲ ਜਿਲ੍ਹਾ ਜਨਰਲ ਸਕੱਤਰ ਬਲਵੰਤ ਸਿੰਘ ਅਟਵਾਲ ਸੇਵਾ ਮੁਕਤ ਮੁੱਖ ਅਧਿਆਪਕ ਕਰਨਗੇ। ਮੀਟਿੰਗ ਦੌਰਾਨ ਜਥੇਬੰਦੀ ਦੇ ਚੇਅਰਮੈਨ ਹਰਦੇਵ ਸਿੰਘ, ਸਾਬਕਾ ਡਿਪਟੀ ਡੀ.ਈ.ਓ. ਬਲਦੇਵ ਸਿੰਘ ਬੇਦੀ, ਸਰਵਿਸ ਨਿਯਮਾਂ ਦੇ ਮਾਹਿਰ ਪ੍ਰਿੰ. ਜਸਵੰਤ ਸਿੰਘ ਬਰਾੜ ਭਾਗਸਰ, ਸਰਪ੍ਰਸਤ ਚੌ. ਦੌਲਤ ਰਾਮ ਸਿੰਘ, ਪੰਜਾਬ ਰੋਡਵੇਜ਼ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮੇਜਰ ਸਿੰਘ ਚੌਂਤਰਾ ਆਦਿ ਸਮੇਤ ਕਈ ਹੋਰ ਆਗੂ ਸੰਬੋਧਨ ਕਰਨਗੇ। ਉਕਤ ਜਾਣਕਾਰੀ ਦਿੰਦੇ ਹੋਏ ਪਿਛਲੇ ਤੇਰਾਂ ਸਾਲ ਤੋਂ ਐਸੋਸੀਏਸ਼ਨ ਦੇ ਜਿਲ੍ਹਾ ਪ੍ਰੈਸ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਮੀਟਿੰਗ ਦੌਰਾਨ ਮੁੱਖ ਰੂਪ ਵਿੱਚ ਅਗਲੇ ਮਹੀਨੇ ਮਨਾਏ ਜਾਣ ਵਾਲੇ ਪੈਨਸ਼ਨਰ ਦਿਵਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਪ੍ਰਧਾਨ ਸ਼ਰਮਾ ਦੀ ਸਹਿਮਤੀ ਨਾਲ ਇਹ ਦਿਵਸ ਮਨਾਉਣ ਲਈ ਵੱਖ-ਵੱਖ ਕਮੇਟੀਆਂ ਗਠਿਤ ਕੀਤੀਆਂ ਜਾਣਗੀਆਂ ਅਤੇ ਸਬੰਧਤ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ। ਢੋਸੀਵਾਲ ਨੇ ਅੱਗੇ ਇਹ ਵੀ ਦੱਸਿਆ ਹੈ ਕਿ ਮੀਟਿੰਗ ਦੌਰਾਨ ਪ੍ਰਿੰ. ਜਸਵੰਤ ਬਰਾੜ ਭਾਗਸਰ ਵੱਲੋਂ ਸਰਕਾਰ ਵੱਲੋਂ ਪੈਨਸ਼ਨਰਾਂ ਸਬੰਧੀ ਜਾਰੀ ਨਵੀਆਂ ਹਦਾਇਤਾਂ ਅਤੇ ਅਦਾਲਤੀ ਫੈਸਲਿਆਂ ਸਬੰਧੀ ਤਾਜ਼ਾ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਵੇਗੀ। ਪ੍ਰਧਾਨ ਕਰਮਜੀਤ ਸ਼ਰਮਾ ਨੇ ਸਮੂਹ ਸੇਵਾ ਮੁਕਤ ਕਰਮਚਾਰੀਆਂ ਅਤੇ ਫੈਮਲੀ ਪੈਨਸ਼ਨਰਾਂ ਨੂੰ ਆਪਣਾ ਲਾਈਫ ਸਰਟੀਫਿਕੇਟ ਤੁਰੰਤ ਬੈਂਕ ਵਿੱਚ ਜਾ ਕੇ ਜਾਂ ਆਨਲਾਈਨ ਜਮਾਂ ਕਰਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਜਿਲ੍ਹੇ ਦੇ ਸਮੂਹ ਪੈਨਸ਼ਨਰਾਂ ਨੂੰ ਉਕਤ ਮਾਸਿਕ ਮੀਟਿੰਗ ਵਿੱਚ ਸਮੇਂ-ਸਿਰ ਪਹੁੰਚਣ ਦੀ ਅਪੀਲ ਵੀ ਕੀਤੀ ਹੈ।
Related