ਬਲਾਚੌਰ : (ਵਿੱਕੀ ਸੂਰੀ) ਪਿੰਡ ਗੜ੍ਹੀ ਕਾਨੂੰਗੋਆ ਵਿਖੇ ਬੀਤੀ ਰਾਤ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਚਲਾਈਆਂ ਗੋਲ਼ੀਆਂ ਨਾਲ ਇਕ ਨੌਜਵਾਨ ਦੀ ਮੌਤ ਤੇ ਦੂਜੇ ਨੌਜਵਾਨ ਦੇ ਗੰਭੀਰ ਜ਼ਖ਼ਮੀ ਹੋਣ ਕਾਰਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਣ ਦੇ ਨਾਲ ਨਾਲ ਵੱਖ-ਵੱਖ ਐਂਗਲਾਂ ਤੋਂ ਜਾਂਚ ਅਰੰਭ ਕਰ ਕੇ ਕਥਿਤ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਰਣਨੀਤੀ ਬਣਾ ਰਹੀ ਹੈ।

    ਜਾਣਕਾਰੀ ਅਨੁਸਾਰ ਪਿੰਡ ਗੜ੍ਹੀ ਕਾਨੂੰਗੋਆ ਵਾਸੀ ਨਰਵਿੰਦਰ ਸਿੰਘ ਉਰਫ ਢਿੱਲੋ ਪੁੱਤਰ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਤੋਂ ਰੋਟੀ ਖਾਣ ਤੋਂ ਬਾਅਦ ਸੈਰ ਕਰਨ ਲਈ ਪਿੰਡ ਦੀ ਗਲੀ ‘ਚੋਂ ਹੁੰਦਾ ਹੋਇਆ। ਨੈਸ਼ਨਲ ਹਾਈਵੇ ’ਤੇ ਸਥਿਤ ਸ਼ਿਵ ਮੰਦਰ ਸਾਹਮਣੇ ਮਾਰਕੀਟ ਦੀਆਂ ਬੰਦ ਦੁਕਾਨਾਂ ਅੱਗੇ ਗਿਆ ਤਾਂ ਪਹਿਲਾ ਤੋਂ ਖੜ੍ਹੇ ਨੌਜਵਾਨ ਨਰਿੰਦਰ ਸਿੰਘ ਉਰਫ ਧੰਨਾ ਪੁੱਤਰ ਗੁਰਮੀਤ ਸਿੰਘ ਪਿੰਡ ਗੜੀ ਕਾਨੂੰਗੋਆ ਨਾਲ ਖੜ੍ਹੇ ਗੱਲਬਾਤ ਕਰਦਿਆਂ ਕਰੀਬ 9 ਵਜੇ ਇਕ ਮੋਟਰਸਾਈਕਲ ‘ਤੇ ਆਏ ਦੋ ਨੌਜਵਾਨਾਂ ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ। ਉਨ੍ਹਾਂ ਦੇ ਨਜ਼ਦੀਕ ਪੁੱਜੇ ਤਾਂ ਉਨ੍ਹਾਂ ‘ਚੋਂ ਇਕ ਨੌਜਵਾਨ ਨੇ ਰਿਵਾਲਵਰ ਨਾਲ ਉਨ੍ਹਾਂ ’ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਿਸ ਨਾਲ ਨਰਿੰਦਰ ਸਿੰਘ ਉਰਫ ਧੰਨਾ ਦੇ ਇਕ ਗੋਲ਼ੀ ਸਿਰ ਵਿਚ ਵੱਜੀ ਤੇ ਨਰਵਿੰਦਰ ਸਿੰਘ ਦੇ ਇਕ ਗੋਲ਼ੀ ਉਸ ਦੇ ਢਿੱਡ ਤੇ ਛਾਤੀ ਵਿਚਕਾਰਲੇ ਪਾਸਿਓਂ ਖਹਿੰਦੀ ਹੋਈ ਨਿਕਲ ਗਈ।

    ਨਰਵਿੰਦਰ ਸਿੰਘ ਉਥੋਂ ਭੱਜ ਕੇ ਮਾਰਕੀਟ ਦੀਆਂ ਦੁਕਾਨਾਂ ਦੇ ਪਿੱਛੇ ਚਲਾ ਗਿਆ ਤੇ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਹਸਪਤਾਲ ਵਿਖੇ ਜ਼ੇਰੇ ਇਲਾਜ ਨਰਵਿੰਦਰ ਸਿੰਘ ਉਰਫ ਢਿੱਲੋਂ ਨੇ ਦੱਸਿਆ ਹੈ ਕਿ ਕਰੀਬ 5 ਸਾਲ ਪਹਿਲਾਂ ਬੱਸ ਅੱਡਾ ਮਜਾਰੀ ਵਿਖੇ ਉਸ ਦਾ ਝਗੜਾ ਨਜ਼ਦੀਕੀ ਪਿੰਡ ਸਜਾਵਲਪੁਰ ਦੇ ਇਕ ਵਿਅਕਤੀ ਨਾਲ ਹੋਇਆ ਸੀ ਜਿਸ ਵਲੋਂ ਦਰਜ ਕਰਾਏ ਮੁਕੱਦਮੇ ਵਿਚ ਉਹ ਬਰੀ ਹੋ ਗਿਆ ਸੀ। ਢਿੱਲੋਂ ਨੇ ਦੱਸਿਆ ਕਿ ਇਸ ਵਿਅਕਤੀ ਨੇ ਕਰੀਬ ਇਕ ਸਾਲ ਪਹਿਲਾ ਉਸ ਨੂੰ ਵਿਦੇਸ਼ ਤੋਂ ਫ਼ੋਨ ਕਰ ਕੇ ਧਮਕੀ ਦਿੱਤੀ ਸੀ ਕਿ ਤੈਨੂੰ ਜਾਨੋਂ ਮਰਵਾ ਦੇਣਾ ਹੈ। ਉਸ ਨੇ ਇਸ ਘਟਨਾ ਨੂੰ ਪੁਰਾਣਾ ਰੰਜਿਸ਼ ਨਾਲ ਜੋੜ ਕੇ ਦੱਸਿਆ ਕਿ ਇਹ ਜਾਨਲੇਵਾ ਹਮਲਾ ਪੁਰਾਣੀ ਰੰਜਿਸ਼ ਦਾ ਬਦਲਾ ਲੈਣ ਲਈ ਹੋਇਆ ਹੈ। ਉਧਰ ਪੁਲਿਸ ਨੇ ਇਸ ਮਾਮਲੇ ਵਿਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।