ਮਾਊਂਟ ਯੂਨਾਮ ’ਤੇ ਤਿਰੰਗਾ ਲਹਿਰਾ ਕੇ ਗੁਰਪ੍ਰੀਤ ਬਾਠ ਨੇ ਰੌਸ਼ਨ ਕੀਤਾ ਜੇਲ ਵਿਭਾਗ ਦਾ ਨਾਮ

ਧੂਰੀ (ਅਰਸ਼ਦੀਪ ਸਿੰਘ ਕਾਲੜਾ) : ਪੰਜਾਬ ਜੇਲ ਵਿਭਾਗ ਅਧੀਨ ਸਬ-ਜੇਲ ਮਲੇਰਕੋਟਲਾ ਵਿਖੇ ਤਾਇਨਾਤ ਧੂਰੀ ਵਾਸੀ ਗੁਰਪ੍ਰੀਤ ਬਾਠ ਨੇ ਆਪਣੀ ਦ੍ਰਿੜ ਇੱਛਾ-ਸ਼ਕਤੀ ਅਤੇ ਜਜ਼ਬੇ ਦਾ ਪ੍ਰਦਰਸ਼ਨ ਕਰਦਿਆਂ ਮਾਊਂਟ ਯੂਨਾਮ ਦੀ ਚੋਟੀ ’ਤੇ ਤਿਰੰਗਾ ਲਹਿਰਾ ਕੇ ਜੇਲ ਵਿਭਾਗ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।

ਗੁਰਪ੍ਰੀਤ ਬਾਠ ਨੇ ਦੱਸਿਆ ਕਿ ਮਾਊਂਟ ਯੂਨਾਮ ਦੀ ਇਸ ਪਰਬਤਾਰੋਹੀ ਮੁਹਿੰਮ ਵਿੱਚ ਉਨ੍ਹਾਂ ਦੀ ਟੀਮ ਦੇ ਕੁੱਲ ਸੱਤ ਮੈਂਬਰ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਪੰਜ ਪਰਬਤਾਰੋਹੀਆਂ ਨੇ ਸਫਲਤਾਪੂਰਵਕ ਚੋਟੀ ਸਰ ਕੀਤੀ। ਉਨ੍ਹਾਂ ਨੇ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਹੌਸਲਾ ਕਾਇਮ ਰੱਖਦਿਆਂ ਇਹ ਮੁਹਿੰਮ ਪੂਰੀ ਕੀਤੀ।

ਵਰਨਣਯੋਗ ਹੈ ਕਿ ਗੁਰਪ੍ਰੀਤ ਬਾਠ ਇਸ ਤੋਂ ਪਹਿਲਾਂ ਵੀ ਕਈ ਉੱਚੀਆਂ ਪਰਬਤੀ ਚੋਟੀਆਂ ’ਤੇ ਸਫਲਤਾਪੂਰਵਕ ਚੜ੍ਹਾਈ ਕਰ ਚੁੱਕੇ ਹਨ। ਇਨ੍ਹਾਂ ਵਿੱਚ ਸਟੋਕ ਕਾਂਗੜੀ, ਫਰੈਂਡਸ਼ਿਪ ਪੀਕ, ਮਾਊਂਟ ਕਨਾਮੋ ਅਤੇ ਬਲੈਕ ਪੀਕ ਆਦਿ ਪ੍ਰਮੁੱਖ ਹਨ।

ਆਪਣੀ ਇਸ ਉਪਲਬਧੀ ’ਤੇ ਖੁਸ਼ੀ ਜ਼ਾਹਰ ਕਰਦਿਆਂ ਗੁਰਪ੍ਰੀਤ ਬਾਠ ਨੇ ਜੇਲ ਸੁਪਰਡੈਂਟ ਪ੍ਰਦੂਮਣ ਤੇਈਪੁਰ ਸਮੇਤ ਸਮੁੱਚੇ ਉੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਮਿਲੇ ਨਿਰੰਤਰ ਹੌਸਲਾਅਫਜ਼ਾਈ ਅਤੇ ਸਹਿਯੋਗ ਸਦਕਾ ਹੀ ਉਹ ਇਸ ਚੁਣੌਤੀਪੂਰਨ ਮੁਹਿੰਮ ਨੂੰ ਸਫਲਤਾਪੂਰਵਕ ਪੂਰਾ ਕਰਨ ਵਿੱਚ ਕਾਮਯਾਬ ਹੋਏ ਹਨ।

ਗੁਰਪ੍ਰੀਤ ਬਾਠ ਦੀ ਇਸ ਪ੍ਰਾਪਤੀ ਨਾਲ ਪਰਿਵਾਰ, ਸਾਥੀਆਂ ਅਤੇ ਜੇਲ ਵਿਭਾਗ ਵਿੱਚ ਖੁਸ਼ੀ ਦੀ ਲਹਿਰ ਹੈ।