ਮੁੰਬਈ ‘ਚ ਬੀਜਿੰਗ ਤੋਂ ਜ਼ਿਆਦਾ ਅਰਬਪਤੀਆਂ: ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ‘ਚ ਰਹਿਣ ਵਾਲੇ ਅਰਬਪਤੀਆਂ ਦੀ ਗਿਣਤੀ ਹੁਣ ਚੀਨ ਦੀ ਰਾਜਧਾਨੀ ਬੀਜਿੰਗ ਤੋਂ ਵੀ ਜ਼ਿਆਦਾ ਹੋ ਗਈ ਹੈ। ਇਹ ਸ਼ਹਿਰ ਪਹਿਲੀ ਵਾਰ ਏਸ਼ੀਆ ਦੀ ਅਰਬਪਤੀਆਂ ਦੀ ਰਾਜਧਾਨੀ ਬਣ ਗਿਆ ਹੈ।

    ਇਹ ਜਾਣਕਾਰੀ ਹੁਰੁਨ ਰਿਸਰਚ ਦੀ 2024 ਗਲੋਬਲ ਰਿਚ ਲਿਸਟ ਵਿੱਚ ਸਾਹਮਣੇ ਆਈ ਹੈ। ਮੁੰਬਈ ਵਿੱਚ 92 ਅਰਬਪਤੀ ਹਨ ਜਦਕਿ ਬੀਜਿੰਗ ਵਿੱਚ ਉਨ੍ਹਾਂ ਦੀ ਗਿਣਤੀ 91 ਹੈ। ਦੁਨੀਆ ਦੀ ਗੱਲ ਕਰੀਏ ਤਾਂ ਚੀਨ ਵਿੱਚ ਕੁੱਲ ਅਰਬਪਤੀਆਂ ਦੀ ਗਿਣਤੀ 814 ਹੈ ਜਦੋਂ ਕਿ ਭਾਰਤ ਵਿੱਚ ਕੁੱਲ 271 ਅਰਬਪਤੀਆਂ ਹਨ।

    ਜੇਕਰ ਸ਼ਹਿਰਾਂ ਦੀ ਗੱਲ ਕਰੀਏ ਤਾਂ ਮੁੰਬਈ ਏਸ਼ੀਆ ‘ਚ ਪਹਿਲੇ ਨੰਬਰ ‘ਤੇ ਹੈ। ਇਸ ਦੇ ਨਾਲ ਹੀ ਜੇਕਰ ਦੁਨੀਆ ਭਰ ‘ਚ ਦੇਖਿਆ ਜਾਵੇ ਤਾਂ ਇਹ ਸ਼ਹਿਰ ਹੁਣ ਤੀਜੇ ਨੰਬਰ ‘ਤੇ ਪਹੁੰਚ ਗਿਆ ਹੈ। ਹੁਰੁਨ ਦੀ ਸੂਚੀ ਦੇ ਅਨੁਸਾਰ, ਨਿਊਯਾਰਕ ਪਹਿਲੇ ਸਥਾਨ ‘ਤੇ ਹੈ ਜੋ 119 ਅਰਬਪਤੀਆਂ ਦਾ ਘਰ ਹੈ।

    ਨਿਊਯਾਰਕ ਨੂੰ ਸੱਤ ਸਾਲ ਬਾਅਦ ਇਸ ਸੂਚੀ ਵਿੱਚ ਪਹਿਲਾ ਸਥਾਨ ਮਿਲਿਆ ਹੈ। ਲੰਡਨ ਦੂਜੇ ਨੰਬਰ ‘ਤੇ ਹੈ ਜਿੱਥੇ 97 ਅਰਬਪਤੀ ਹਨ। ਦੱਸ ਦਈਏ ਕਿ ਇਸ ਸਾਲ ਮੁੰਬਈ ‘ਚ 26 ਅਰਬਪਤੀਆਂ ਵਧੇ ਹਨ ਜਦਕਿ ਬੀਜਿੰਗ ‘ਚ 18 ਦੀ ਕਮੀ ਆਈ ਹੈ। ਹਾਲਾਂਕਿ ਗਲੋਬਲ ਰੈਂਕਿੰਗ ‘ਚ ਭਾਰਤੀ ਅਰਬਪਤੀਆਂ ਦੀ ਸਥਿਤੀ ਥੋੜੀ ਜਿਹੀ ਕਮਜ਼ੋਰ ਹੋਈ ਹੈ।