ਭੋਗਪੁਰ(ਮਨਜਿੰਦਰ ਸਿੰਘ ) – ਥਾਣਾ ਭੋਗਪੁਰ ਦੀ ਪੁਲਸ ਚੌਕੀ ਪਚਰੰਗਾ ਹੇਠ ਪੈਂਦੇ ਪਿੰਡ ਗੜੀ ਬਖਸ਼ਾ ‘ ਚ ਰਹਿੰਦੇ ਪ੍ਰਵਾਸੀ ਪਰਿਵਾਰ ਦੇ 2 ਪੁੱਤਰਾਂ ਦੇ ਅਚਾਨਕ ਲਾਪਤਾ ਹੋਣ ਦੀ ਖ਼ਬਰ ਹੈ । ਇਸ ਸਬੰਧੀ ਸਾਈਲ ਦੇਵੀ ਪਤਨੀ ਪਵਨ ਕੁਮਾਰ ਵਾਸੀ ਚੌਪਾਰ ਬਚਾਅ ਜ਼ਿਲਾ ਮੁਜੱਫਰਪੁਰ ਬਿਹਾਰ ਹਾਲ ਵਾਸੀ ਗੁਰਦੇਵ ਸਿੰਘ ਪੁੱਤਰ ਲਾਭ ਸਿੰਘ ਵਾਸੀ ਗੜੀ ਬਖਸ਼ਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ 2 ਲੜਕੇ ਵੱਡਾ ਸਚਿਨ ਕੁਮਾਰ ( 12 ) ਛੋਟਾ ਸੁਸ਼ੀਲ ਕੁਮਾਰ ( 11 ) ਦੋਨੋਂ ਪ੍ਰਾਇਮਰੀ ਸਕੂਲ ਗੜੀ ਬਖਸ਼ਾ ` ਚ ਪੜ੍ਹਦੇ ਹਨ । ਬੀਤੇ ਦਿਨੀਂ ਦੋਨੋਂ ਲੜਕੇ ਸਕੂਲ ਗਏ ਸੀ । ਸਾਈਲ ਦੇਵੀ ਤੇ ਉਸ ਦਾ ਪਤੀ ਕੰਮ ‘ ਤੇ ਬਾਹਰ ਚਲੇ ਗਏ । 1 ਵਜੇ ਜਦੋਂ ਸਾਹਿਲ ਦੇਵੀ ਘਰ ` ਚ ਆਈ ਤਾਂ ਦੋਨੋਂ ਲੜਕੇ ਘਰ ‘ ਚ ਹੀ ਮੌਜੂਦ ਸਨ । ਉਸ ਤੋਂ ਬਾਅਦ ਸਾਈਲ ਦੇਵੀ ਫਿਰ ਕੰਮ ‘ ਤੇ ਚਲੀ ਗਈ , ਜਦੋਂ ਉਹ ਸ਼ਾਮ ਸਮੇਂ ਵਾਪਸ ਘਰ ਪਹੁੰਚੀ ਤਾਂ ਦੋਨੋਂ ਲੜਕੇ ਘਰ ‘ ਚ ਨਹੀਂ ਸਨ । ਲਾਪਤਾ ਸੁਸ਼ੀਲ ਕੁਮਾਰ ਤੇ ਸਚਿਨ ਕੁਮਾਰ ਦੀਆਂ ਫਾਈਲ ਫੋਟੋਆਂ ਲੈਕੇ ਪਰਿਵਾਰ ਵੱਲੋਂ ਕਈ ਜਗ੍ਹਾ ਬੱਚਿਆਂ ਦੀ ਭਾਲ ਕੀਤੀ ਗਈ ਪਰ ਇਨ੍ਹਾਂ ਦੋਨਾਂ ਭਰਾਵਾਂ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ। ਸਾਈਲ ਦੇਵੀ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਉਸ ਦੇ ਲੜਕਿਆਂ ਨੂੰ ਕਿਸੇ ਨਾ – ਮਲੂਮ ਵਿਅਕਤੀ ਨੇ ਅਗਵਾ ਕਰ ਕੇ ਆਪਣੇ ਕੋਲ ਰੱਖਿਆ ਹੋਇਆ ਹੈ । ਪੁਲਸ ਵੱਲੋਂ ਇਸ ਸ਼ਿਕਾਇਤ ਤਹਿਤ ਅਣੁਪਛਾਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।