Skip to content
ਐਸ.ਡੀ.ਓ. ਜਸਵੀਰ ਸਿੰਘ ਤੇ ਥਾਣਾ ਸਦਰ ਇੰਚਾਰਜ ਪ੍ਰਤੀਕ ਜਿੰਦਲ ਨੂੰ ਸੌਂਪਿਆ ਮੰਗ ਪੱਤਰ
ਨਾਭਾ, 25 ਨਵੰਬਰ (ਅਮਨ ਗਰਗ ):ਨਾਭਾ-ਪਟਿਆਲਾ ਮੁੱਖ ਸੜਕ ਦੀ ਮਾੜੀ ਹਾਲਤ ਅਤੇ ਸੜਕ ‘ਤੇ ਪਏ ਡੂੰਘੇ ਟੋਇਆਂ ਦੇ ਵਿਰੋਧ ਵਿੱਚ ਅੱਜ ਅਕਾਲੀ ਦਲ (ਸੁਤੰਤਰ) ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਵੱਲੋਂ ਸਥਾਨਕ ਰੋਟੀ ਪੁੱਲ ਚੌਂਕ ਵਿਖੇ ਰੋਸ ਧਰਨਾ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਨੇ ਪ੍ਰਸ਼ਾਸਨ ਅਤੇ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਇਸ ਅਹਿਮ ਸੜਕ ਤੋਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਸਮੇਤ ਕਈ ਉੱਚ ਅਧਿਕਾਰੀ ਰੋਜ਼ਾਨਾ ਲੰਘਦੇ ਹਨ, ਪਰ ਕਿਸੇ ਦਾ ਵੀ ਧਿਆਨ ਸੜਕ ‘ਤੇ ਪਏ ਇਨ੍ਹਾਂ ਜਾਨਲੇਵਾ ਟੋਇਆਂ ਵੱਲ ਨਹੀਂ ਜਾ ਰਿਹਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਵੱਲੋਂ ਸੜਕ ਦੇ ਟੋਇਆਂ ਨੂੰ ਜਲਦ ਨਾ ਭਰਿਆ ਗਿਆ ਅਤੇ ਸੜਕ ਦੀ ਮੁਰੰਮਤ ਨਾ ਕਰਵਾਈ ਗਈ, ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਧਰਨਾਕਾਰੀਆਂ ਦੀ ਗੱਲ ਸੁਣਨ ਲਈ ਪੀ.ਡਬਲਿਊ.ਡੀ. ਵਿਭਾਗ ਦੇ ਐਸ.ਡੀ.ਓ. ਜਸਵੀਰ ਸਿੰਘ, ਜੇ.ਈ. ਅਤੇ ਥਾਣਾ ਸਦਰ ਨਾਭਾ ਦੇ ਇੰਚਾਰਜ ਪ੍ਰਤੀਕ ਜਿੰਦਲ ਮੌਕੇ ‘ਤੇ ਪਹੁੰਚੇ। ਪਰਮਜੀਤ ਸਿੰਘ ਸਹੋਲੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਐਸ.ਡੀ.ਓ. ਜਸਵੀਰ ਸਿੰਘ ਅਤੇ ਥਾਣਾ ਸਦਰ ਇੰਚਾਰਜ ਪ੍ਰਤੀਕ ਜਿੰਦਲ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਅਧਿਕਾਰੀਆਂ ਨੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਸੜਕ ਦੀ ਮੁਰੰਮਤ ਦਾ ਕੰਮ ਜਲਦ ਹੀ ਸ਼ੁਰੂ ਕਰਵਾ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ।
ਇਸ ਰੋਸ ਧਰਨੇ ਵਿੱਚ ਸੁਰਜੀਤ ਸਿੰਘ ਬਾਬਰਪੁਰ,ਰਘਵੀਰ ਸਿੰਘ, ਜਗਰੂਪ ਸਿੰਘ ਬੋੜਾ, ਪੂਰਨ ਸਿੰਘ, ਅਮਰੀਕ ਸਿੰਘ, ਕਰਮ ਸਿੰਘ ਗਲਵੱਟੀ, ਗੁਰਜੀਤ ਸਿੰਘ ਬਿਨਾਂਹੇੜੀ, ਦਰਸ਼ਨ ਸਿੰਘ ਲੁਬਾਣਾ , ਬਲਵੀਰ ਸਿੰਘ ਕਾਮਰੇਡ ਅਤੇ ਬਿੱਲੂ ਸਿੰਘ ਸਹੋਲੀ ਸਮੇਤ ਹੋਰ ਵੀ ਆਗੂ ਤੇ ਵਰਕਰ ਹਾਜ਼ਰ ਸਨ।
Related