ਜੰਮੂ-ਕਸ਼ਮੀਰ ਹਾਲ ਹੀ ਵਿੱਚ ਕੁਦਰਤੀ ਆਫ਼ਤਾਂ ਦੀ ਲਪੇਟ ਵਿੱਚ ਆਇਆ ਹੋਇਆ ਹੈ। ਪਿਛਲੇ ਪੰਜ ਦਿਨਾਂ ਦੌਰਾਨ ਰਾਜ ‘ਚ ਵੱਖ-ਵੱਖ ਹਾਦਸਿਆਂ ਕਾਰਨ 80 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸੇ ਕੜੀ ‘ਚ ਸੋਮਵਾਰ ਨੂੰ ਕੁਪਵਾੜਾ ਦੇ ਲੋਲਾਬ ਇਲਾਕੇ ਅਤੇ ਕਠੂਆ ਜ਼ਿਲ੍ਹੇ ਦੇ ਬਾਨੀ ਖੇਤਰ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਭਾਗਾਂ-ਭਾਗਾਂ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਲਾਕੇ ਵਿੱਚ ਵੱਡੀ ਮਾਤਰਾ ਵਿੱਚ ਮਲਬਾ ਅਤੇ ਪਾਣੀ ਇਕੱਠਾ ਹੋ ਗਿਆ ਹੈ, ਜਿਸ ਨਾਲ ਲੋਕਾਂ ਦੀ ਜ਼ਿੰਦਗੀ ਬਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਦੌਰਾਨ ਦੱਖਣੀ ਕਸ਼ਮੀਰ ਨੂੰ ਜੰਮੂ ਨਾਲ ਜੋੜਨ ਵਾਲੀ ਅਹਿਮ ਮੋਰਗਨ-ਸਿੰਥਨਟਾਪ ਸੜਕ ਭਾਰੀ ਮੀਂਹ ਕਾਰਨ ਬੰਦ ਰਹੀ। ਮੌਸਮ ਵਿਭਾਗ ਨੇ ਮੰਗਲਵਾਰ ਲਈ ਦਰਮਿਆਨੀ ਤੋਂ ਲੈ ਕੇ ਭਾਰੀ ਬਾਰਿਸ਼ ਤੱਕ ਦੀ ਚਿਤਾਵਨੀ ਜਾਰੀ ਕੀਤੀ ਹੈ। ਲੋਕਾਂ ਨੂੰ ਨਦੀਆਂ, ਨਾਲਿਆਂ ਅਤੇ ਜ਼ਮੀਨ ਖਿਸਕਣ ਵਾਲੇ ਖੇਤਰਾਂ ਤੋਂ ਦੂਰ ਰਹਿਣ ਦੀ ਕੜੀ ਸਲਾਹ ਦਿੱਤੀ ਗਈ ਹੈ। ਸਥਿਤੀ ਨੂੰ ਸੰਭਾਲਣ ਲਈ ਸਾਰੇ ਜ਼ਿਲ੍ਹਿਆਂ ਵਿੱਚ ਐਮਰਜੈਂਸੀ ਕੰਟਰੋਲ ਰੂਮ ਅਤੇ ਹੈਲਪਲਾਈਨ ਨੰਬਰ ਚਲਾਏ ਜਾ ਰਹੇ ਹਨ, ਜਿਨ੍ਹਾਂ ਰਾਹੀਂ ਲੋਕ ਮਦਦ ਲਈ ਸੰਪਰਕ ਕਰ ਸਕਦੇ ਹਨ। ਕੁਪਵਾੜਾ ਦੇ ਲੋਲਾਬ ਖੇਤਰ ਦੇ ਵਾਰਨੋ ਜੰਗਲ ‘ਚ ਸਵੇਰ ਦੇ ਸਮੇਂ ਹੋਏ ਬੱਦਲ ਫਟਣ ਕਾਰਨ ਹੜ੍ਹਾਂ ਆਈ, ਦਰੱਖਤ ਉਖੜ ਗਏ ਤੇ ਪਾਣੀ ਘਰਾਂ ‘ਚ ਘੁੱਸ ਗਿਆ।