
Skip to content

ਅਮਿਤ ਨੱਖਵਾਲ/ਨੇਪਾਲ: 26 ਅਗਸਤ ਨੂੰ ਆਏ ਭਿਆਨਕ ਹੜ੍ਹਾਂ ਨੇ ਨੇਪਾਲ ਵਿੱਚ ਵੱਡੀ ਤਬਾਹੀ ਮਚਾਈ ਹੈ। ਆਫ਼ਤ ਨੂੰ ਇੱਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਲਾਪਤਾ ਲੋਕਾਂ ਦੀ ਭਾਲ ਅਤੇ ਰਾਹਤ-ਬਚਾਅ ਕਾਰਜ ਲਗਾਤਾਰ ਜਾਰੀ ਹਨ। ਕਈ ਇਲਾਕਿਆਂ ਵਿੱਚ ਚਿੱਕੜ, ਗਾਰ ਅਤੇ ਮਲਬੇ ਦੇ ਢੇਰ ਰਾਹਤ ਟੀਮਾਂ ਲਈ ਵੱਡੀ ਚੁਣੌਤੀ ਬਣੇ ਹੋਏ ਹਨ।
ਹੜ੍ਹਾਂ ਤੋਂ ਬਾਅਦ ਹੁਣ ਤੱਕ 1,068 ਲਾਸ਼ਾਂ ਬਰਾਮਦ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਨ੍ਹਾਂ ਵਿੱਚ ਕਰੀਬ 400 ਮਾਮਲਿਆਂ ਵਿੱਚ ਸਿਰਫ਼ ਅਧੂਰੇ ਅਵਸ਼ੇਸ਼ ਮਿਲੇ ਹਨ। ਇਸ ਦੇ ਨਾਲ ਹੀ ਲਗਭਗ 4,606 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿੱਚ ਕਰੀਬ 500 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।
ਨੇਪਾਲ ਵਿੱਚ ਸੜਕਾਂ ਅਤੇ ਪਣ-ਬਿਜਲੀ ਪ੍ਰਾਜੈਕਟਾਂ ਨਾਲ ਜੁੜੇ ਕਈ ਚੀਨੀ ਨਾਗਰਿਕਾਂ ਦੇ ਵੀ ਲਾਪਤਾ ਹੋਣ ਦੀ ਗੱਲ ਸਾਹਮਣੇ ਆਈ ਹੈ। ਚੀਨੀ ਵਿਦੇਸ਼ ਮੰਤਰਾਲੇ ਮੁਤਾਬਕ ਲਗਭਗ 100 ਚੀਨੀ ਨਾਗਰਿਕਾਂ ਨਾਲ ਅਜੇ ਸੰਪਰਕ ਨਹੀਂ ਹੋ ਸਕਿਆ। ਇਸ ਕਾਰਨ ਦੋਵਾਂ ਦੇਸ਼ਾਂ ਵਿੱਚ ਪ੍ਰਭਾਵਿਤ ਪਰਿਵਾਰ ਆਪਣੇ ਲਾਪਤਾ ਪਿਆਰਿਆਂ ਬਾਰੇ ਸਪੱਸ਼ਟ ਜਾਣਕਾਰੀ ਦੀ ਉਡੀਕ ਕਰ ਰਹੇ ਹਨ।
ਇੱਕ ਪਰਿਵਾਰ ਦੇ 17 ਮੈਂਬਰ ਲਾਪਤਾ
ਹੜ੍ਹ ਦੀ ਤਬਾਹੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਕ ਨੇਪਾਲੀ ਲੜਕੀ ਨੇ ਆਪਣੇ ਪਰਿਵਾਰ ਦੇ 17 ਮੈਂਬਰਾਂ ਨੂੰ ਗੁਆਉਣ ਦਾ ਦਰਦ ਬਿਆਨ ਕੀਤਾ ਹੈ। ਹੜ੍ਹ ਪ੍ਰਭਾਵਿਤ ਬਿਦੁਰ ਇਲਾਕੇ ਵਿੱਚ ਕਈ ਪਰਿਵਾਰ ਆਪਣਾ ਘਰ-ਬਾਰ ਛੱਡ ਕੇ ਅਸਥਾਈ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹਨ। ਜਾਨ ਬਚ ਜਾਣ ਦੇ ਬਾਵਜੂਦ ਇਨ੍ਹਾਂ ਲੋਕਾਂ ਦੇ ਮਨਾਂ ਵਿੱਚ ਮੁੜ ਹੜ੍ਹ ਆਉਣ ਦਾ ਡਰ ਬਣਿਆ ਹੋਇਆ ਹੈ।
ਪਛਾਣ ਲਈ ਅਣਪਛਾਤੀਆਂ ਲਾਸ਼ਾਂ ਦਫ਼ਨਾਈਆਂ ਜਾ ਰਹੀਆਂ
ਹੜ੍ਹ ਤੋਂ ਬਾਅਦ ਮਿਲੀਆਂ ਕਈ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ। ਲੰਬੇ ਸਮੇਂ ਤੱਕ ਪਾਣੀ ਅਤੇ ਚਿੱਕੜ ਵਿੱਚ ਰਹਿਣ ਕਾਰਨ ਮ੍ਰਿਤਕ ਦੇਹਾਂ ਦੀ ਹਾਲਤ ਖਰਾਬ ਹੋਣ ਲੱਗੀ ਹੈ, ਜਿਸ ਨਾਲ ਪਛਾਣ ਦੀ ਪ੍ਰਕਿਰਿਆ ਹੋਰ ਮੁਸ਼ਕਲ ਹੋ ਰਹੀ ਹੈ।
ਇਸ ਸਥਿਤੀ ਵਿੱਚ ਪ੍ਰਸ਼ਾਸਨ ਵੱਲੋਂ ਕਈ ਅਣਪਛਾਤੀਆਂ ਲਾਸ਼ਾਂ ਦਾ ਸਸਕਾਰ ਕਰਨ ਦੀ ਥਾਂ ਦਫ਼ਨ ਕਰਨ ਦਾ ਫ਼ੈਸਲਾ ਕੀਤਾ ਜਾ ਰਿਹਾ ਹੈ। ਇਸ ਦਾ ਮਕਸਦ ਮ੍ਰਿਤਕ ਦੇਹਾਂ ਨੂੰ ਸੰਭਵ ਤੌਰ ’ਤੇ ਸੁਰੱਖਿਅਤ ਰੱਖਣਾ ਹੈ, ਤਾਂ ਜੋ ਬਾਅਦ ਵਿੱਚ DNA ਜਾਂਚ ਰਾਹੀਂ ਪਛਾਣ ਕੀਤੀ ਜਾ ਸਕੇ ਅਤੇ ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਇਆ ਜਾ ਸਕੇ।
ਉੱਧਰ, ਮੁਰਦਾਘਰਾਂ ਅਤੇ ਆਰਜ਼ੀ ਕੇਂਦਰਾਂ ਵਿੱਚ ਵੀ ਲਾਸ਼ਾਂ ਦੀ ਗਿਣਤੀ ਵਧਣ ਕਾਰਨ ਪ੍ਰਬੰਧਨ ’ਤੇ ਦਬਾਅ ਬਣਿਆ ਹੋਇਆ ਹੈ। ਪ੍ਰਸ਼ਾਸਨ ਲਈ ਇਨ੍ਹਾਂ ਨੂੰ ਲੰਬੇ ਸਮੇਂ ਤੱਕ ਸੰਭਾਲ ਕੇ ਰੱਖਣਾ ਮੁਸ਼ਕਲ ਹੋ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਸਮੂਹਿਕ ਕਬਰਾਂ ਵਿੱਚ ਦਫ਼ਨ ਕਰਨ ਦੀ ਪ੍ਰਕਿਰਿਆ ਨੂੰ ਇੱਕ ਅਸਥਾਈ ਹੱਲ ਵਜੋਂ ਅਪਣਾਇਆ ਜਾ ਰਿਹਾ ਹੈ।
ਰਿਪੋਰਟ: ਅਮਿਤ ਨੱਖਵਾਲ
Related