ਚੰਡੀਗੜ੍ਹ/ਅਮਰੀਕਾ(ਅਮਿਤ ਨਖਵਾਲ): ਪੰਜਾਬ ਦੇ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗਿਰੋਹ ਖ਼ਿਲਾਫ਼ ਅਮਰੀਕੀ ਜਾਂਚ ਏਜੰਸੀ FBI ਨੇ ਵੱਡੀ ਕਾਰਵਾਈ ਕਰਦਿਆਂ ਉਸ ਦੇ ਕਰੀਬੀ ਸਾਥੀ ਨਿਤੀਸ਼ ਕੌਸ਼ਲ ਉਰਫ਼ ‘ਲਾਲਾ’ ਨੂੰ ਆਪਣੀ ‘ਮੋਸਟ ਵਾਂਟੇਡ’ ਸੂਚੀ ਵਿੱਚ ਸ਼ਾਮਲ ਕਰ ਲਿਆ ਹੈ। ਨਿਤੀਸ਼ ਕੌਸ਼ਲ ‘ਤੇ ਕਤਲ, ਅਗਵਾ, ਜਬਰੀ ਵਸੂਲੀ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਅਤੇ ਹੋਰ ਸੰਗਠਿਤ ਅਪਰਾਧਾਂ ਵਿੱਚ ਸ਼ਾਮਲ ਹੋਣ ਦੇ ਗੰਭੀਰ ਦੋਸ਼ ਲੱਗੇ ਹਨ।

ਜਾਣਕਾਰੀ ਅਨੁਸਾਰ, 25 ਜੂਨ 2026 ਨੂੰ ਅਮਰੀਕਾ ਦੇ ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਲਈ ਸੰਯੁਕਤ ਰਾਜ ਦੀ ਜ਼ਿਲ੍ਹਾ ਅਦਾਲਤ ਨੇ ਯੂਐਸ ਰਿਕੋ (RICO) ਐਕਟ ਤਹਿਤ ਨਿਤੀਸ਼ ਕੌਸ਼ਲ ਦੇ ਖ਼ਿਲਾਫ਼ ਸੰਘੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਇਸ ਤੋਂ ਬਾਅਦ ਹੁਣ FBI ਨੇ ਉਸ ਨੂੰ ਆਪਣੀ ਮੋਸਟ ਵਾਂਟੇਡ ਸੂਚੀ ਵਿੱਚ ਸ਼ਾਮਲ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਤਲਾਸ਼ ਤੇਜ਼ ਕਰ ਦਿੱਤੀ ਹੈ।
ਜਾਂਚ ਏਜੰਸੀਆਂ ਮੁਤਾਬਕ, ਨਿਤੀਸ਼ ਕੌਸ਼ਲ ਜੱਗੂ ਭਗਵਾਨਪੁਰੀਆ ਦੇ ਸੰਗਠਿਤ ਅਪਰਾਧ ਗਿਰੋਹ (OCG) ਦਾ ਇੱਕ ਸਰਗਰਮ ਅਤੇ ਭਰੋਸੇਮੰਦ ਮੈਂਬਰ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਤੋਂ ਸ਼ੁਰੂ ਹੋਇਆ ਇਹ ਗਿਰੋਹ ਨਿਤੀਸ਼ ਕੌਸ਼ਲ ਵਰਗੇ ਸਾਥੀਆਂ ਦੀ ਮਦਦ ਨਾਲ ਅਮਰੀਕਾ, ਕੈਨੇਡਾ ਅਤੇ ਕਈ ਯੂਰਪੀ ਦੇਸ਼ਾਂ ਤੱਕ ਆਪਣਾ ਨੈੱਟਵਰਕ ਫੈਲਾਉਣ ਵਿੱਚ ਕਾਮਯਾਬ ਰਿਹਾ।
FBI ਦੇ ਦੋਸ਼ਾਂ ਅਨੁਸਾਰ, ਨਿਤੀਸ਼ ਕੌਸ਼ਲ ਗਿਰੋਹ ਵੱਲੋਂ ਅਮਰੀਕਾ ਵਿੱਚ ਜਬਰੀ ਵਸੂਲੀ, ਡਰਾਉਣ-ਧਮਕਾਉਣ, ਅਗਵਾ, ਜਾਨਲੇਵਾ ਹਮਲਿਆਂ ਅਤੇ ਹਿੰਸਕ ਵਾਰਦਾਤਾਂ ਦੀ ਸਾਜ਼ਿਸ਼ ਰਚਣ ਅਤੇ ਉਨ੍ਹਾਂ ਨੂੰ ਅੰਜਾਮ ਦੇਣ ਵਿੱਚ ਸ਼ਾਮਲ ਰਿਹਾ ਹੈ। ਖ਼ਾਸ ਕਰਕੇ ਕੈਲੀਫੋਰਨੀਆ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਗਿਰੋਹ ਦੀਆਂ ਗਤੀਵਿਧੀਆਂ ਵਿੱਚ ਉਸ ਦੀ ਅਹਿਮ ਭੂਮਿਕਾ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਅਮਰੀਕੀ ਜਾਂਚ ਏਜੰਸੀਆਂ ਵੱਲੋਂ ਕੀਤੀ ਗਈ ਇਸ ਕਾਰਵਾਈ ਨੂੰ ਜੱਗੂ ਭਗਵਾਨਪੁਰੀਆ ਗਿਰੋਹ ਖ਼ਿਲਾਫ਼ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਨਿਤੀਸ਼ ਕੌਸ਼ਲ ਦੀ ਗ੍ਰਿਫ਼ਤਾਰੀ ਲਈ ਅੱਗੇ ਕੀ ਕਦਮ ਚੁੱਕੇ ਜਾਂਦੇ ਹਨ ਅਤੇ ਇਸ ਕਾਰਵਾਈ ਦਾ ਗੈਂਗ ਦੇ ਅੰਤਰਰਾਸ਼ਟਰੀ ਨੈੱਟਵਰਕ ‘ਤੇ ਕੀ ਅਸਰ ਪੈਂਦਾ ਹੈ।
— ਰਿਪੋਰਟ: ਅਮਿਤ ਨਖਵਾਲ

