
Skip to content

ਤੇਲੰਗਾਨਾ ‘ਚ ਨਰਸ ਨੇ ਪ੍ਰੇਮੀ ਨਾਲ ਮਿਲ ਕੇ ਰਚੀ ਖੌਫਨਾਕ ਸਾਜ਼ਿਸ਼, ਡ੍ਰਿਪ ‘ਚ ਟਾਇਲਟ ਕਲੀਨਰ ਪਾ ਕੇ ਪਤੀ ਦੀ ਕੀਤੀ ਹੱਤਿਆ
ਨਿਜ਼ਾਮਾਬਾਦ (ਅਰਸ਼ਦੀਪ ਸਿੰਘ ਕਾਲੜਾ) :- ਤੇਲੰਗਾਨਾ ਦੇ ਨਿਜ਼ਾਮਾਬਾਦ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨਰਸ ਨੇ ਆਪਣੇ ਪ੍ਰੇਮੀ ਅਤੇ ਉਸ ਦੇ ਦੋਸਤ ਨਾਲ ਮਿਲ ਕੇ ਆਪਣੇ 35 ਸਾਲਾ ਪਤੀ ਦੀ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ। ਪੁਲਿਸ ਦੇ ਮੁਤਾਬਕ, ਇਹ ਕਤਲ ਪਹਿਲਾਂ ਤੋਂ ਰਚੀ ਗਈ ਸਾਜ਼ਿਸ਼ ਦਾ ਹਿੱਸਾ ਸੀ, ਜਿਸ ਦੇ ਪਿੱਛੇ ਮਹਿਲਾ ਦਾ ਵਿਆਹ ਤੋਂ ਬਾਹਰ ਚੱਲ ਰਿਹਾ ਪ੍ਰੇਮ ਸੰਬੰਧ ਦੱਸਿਆ ਜਾ ਰਿਹਾ ਹੈ।
ਜਾਂਚ ਅਨੁਸਾਰ, 30 ਜੂਨ ਨੂੰ ਮੁਲਜ਼ਮ ਮਹਿਲਾ ਸੰਧਿਆ ਨੇ ਆਪਣੇ ਪਤੀ ਨੂੰ ਘਰ ਦੀ ਛੱਤ ਤੋਂ ਧੱਕਾ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਉਹ ਇਸ ਹਮਲੇ ਵਿੱਚ ਬਚ ਗਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।
ਪੁਲਿਸ ਦਾ ਦਾਅਵਾ ਹੈ ਕਿ ਹਸਪਤਾਲ ਵਿੱਚ ਇਲਾਜ ਦੌਰਾਨ ਸੰਧਿਆ ਨੇ ਆਪਣੇ ਪਤੀ ਦੀ ਨਸ ਵਿੱਚ ਲੱਗੀ ਡ੍ਰਿਪ ਵਿੱਚ ਟਾਇਲਟ ਕਲੀਨਰ ਇੰਜੈਕਟ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨਰਸ ਸੰਧਿਆ (32), ਉਸ ਦੇ ਪ੍ਰੇਮੀ ਅਨਿਲ ਅਤੇ ਉਸ ਦੇ ਦੋਸਤ ਵੈਂਕਟ ਸਾਈਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਨਾਲ ਜੁੜੇ ਹੋਰ ਤੱਥ ਵੀ ਖੰਗਾਲੇ ਜਾ ਰਹੇ ਹਨ।
ਇਹ ਸਨਸਨੀਖੇਜ਼ ਘਟਨਾ ਨਿਜ਼ਾਮਾਬਾਦ ਜ਼ਿਲ੍ਹੇ ਦੇ ਮੋਪਾਲ ਮੰਡਲ ਦੇ ਨਿਆਲਾਕਲ ਪਿੰਡ ਦੀ ਹੈ, ਜਿਸ ਨੇ ਪੂਰੇ ਇਲਾਕੇ ਵਿੱਚ ਹੜਕੰਪ ਮਚਾ ਦਿੱਤਾ ਹੈ।

Related