2027 ਦੀਆਂ ਚੋਣਾਂ ਲਈ ਹੁਣੇ ਤੋਂ ਜੁੱਟ ਜਾਣ ਵਰਕਰ, ਹਰ ਬੂਥ ‘ਤੇ ਭਾਜਪਾ ਦੀ ਮਜ਼ਬੂਤ ਮੌਜੂਦਗੀ ਅਤੇ ਲੋਕਾਂ ਨਾਲ ਸਿੱਧਾ ਸੰਵਾਦ ਸਾਡੀ ਤਰਜੀਹ : ਅਸ਼ੋਕ ਸਰੀਨ ਹਿੱਕੀ

29 ਨਵੰਬਰ ਨੂੰ ਹਰ ਬੂਥ ‘ਤੇ ਹੋਵੇਗਾ ‘ਮਨ ਕੀ ਬਾਤ’ ਪ੍ਰੋਗਰਾਮ, ਸੋਸ਼ਲ ਮੀਡੀਆ ਰਾਹੀਂ ਪਾਰਟੀ ਦੀਆਂ ਪ੍ਰਾਪਤੀਆਂ ਅਤੇ ਲੋਕ ਹਿੱਤ ਦੇ ਮੁੱਦਿਆਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਸੱਦਾ

ਨਵੀਨ ਪੁਰੀ, ਜਲੰਧਰ

ਸੰਵਿਧਾਨ ਦਿਵਸ ਦੇ ਮੌਕੇ ‘ਤੇ ਭਾਜਪਾ ਜਲੰਧਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਪ੍ਰਧਾਨਗੀ ਹੇਠ ਲਾਇਨਜ਼ ਕਲੱਬ ਜਲੰਧਰ ਵਿਖੇ ਵਿਸ਼ੇਸ਼ ਸੰਗਠਨਾਤਮਕ ਮੀਟਿੰਗ ਕਰਵਾਈ ਗਈ। ਮੀਟਿੰਗ ਦੀ ਸ਼ੁਰੂਆਤ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਅਤੇ ਉਨ੍ਹਾਂ ਨੂੰ ਨਮਨ ਕਰਕੇ ਕੀਤੀ ਗਈ।

ਇਸ ਮੌਕੇ ਭਾਜਪਾ ਜਲੰਧਰ ਦੇ ਪ੍ਰਵਾਸੀ ਇੰਚਾਰਜ ਅਤੇ ਹਰਿਆਣਾ ਦੇ ਅੰਬਾਲਾ ਤੋਂ ਸਾਬਕਾ ਵਿਧਾਇਕ ਅਸੀਮ ਗੋਇਲ ਅਤੇ ਪੰਜਾਬ ਭਾਜਪਾ ਦੇ ਸੋਸ਼ਲ ਮੀਡੀਆ ਇੰਚਾਰਜ ਸਵੈਅਮ ਪ੍ਰਕਾਸ਼ ਬਰਾਲ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।

ਮੀਟਿੰਗ ਵਿੱਚ ਸਾਬਕਾ ਪੰਜਾਬ ਭਾਜਪਾ ਪ੍ਰਧਾਨ ਮਨੋਰੰਜਨ ਕਾਲੀਆ, ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌੜ, ਪੰਜਾਬ ਭਾਜਪਾ ਐੱਸ.ਸੀ. ਮੋਰਚਾ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਸੂਬਾ ਸਕੱਤਰ ਅਮਰਜੀਤ ਸਿੰਘ ਅਮਰੀ, ਕਮਲਜੀਤ ਕੌਰ ਚੌਧਰੀ, ਸਾਬਕਾ ਵਿਧਾਇਕ ਕੇ.ਡੀ. ਭੰਡਾਰੀ, ਸਾਬਕਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਰਮਨ ਪੱਬੀ, ਰਵੀ ਮਹਿੰਦਰੂ, ਸੁਭਾਸ਼ ਸੂਦ, ਦੀਵਾਨ ਅਮਿਤ ਅਰੋੜਾ, ਅਨਿਲ ਸੱਚਰ, ਜ਼ਿਲ੍ਹਾ ਜਨਰਲ ਸਕੱਤਰ ਦਵਿੰਦਰ ਭਾਰਦਵਾਜ, ਯੋਗੇਸ਼ ਧੀਰ, ਦੀਪਕ ਤੇਲੂ, ਕੌਂਸਲਰ ਤਰਵਿੰਦਰ ਸੋਈ, ਗੁਰਜੀਤ ਫੌਜੀ, ਰਾਜੀਵ ਢੀਂਗਰਾ, ਅਜੇ ਬਬਲ, ਕੰਵਰ ਸਰਤਾਜ, ਦਰਸ਼ਨ ਲਾਲ ਭਗਤ, ਅਮਿਤ ਸੰਧਾ, ਅਸ਼ਵਨੀ ਢੱਡ, ਕ੍ਰਿਸ਼ਨਾ ਮਨੀਆ, ਨਵਰਾਜ, ਅਸ਼ਵਨੀ ਭੰਡਾਰੀ, ਗੋਲਡੀ ਭਾਟੀਆ, ਮੁਨੀਸ਼ ਵਿਜ, ਅਸ਼ਵਨੀ ਅਟਵਾਲ, ਸਨੀ ਸ਼ਰਮਾ, ਤਰਸੇਮ ਥਾਪਾ, ਬਲਜੀਤ ਪ੍ਰਿੰਸ, ਅਮਿਤ ਭਾਟੀਆ, ਸ਼ਾਲੂ ਯਾਦਵ, ਸ਼ੈਲੀ ਖੰਨਾ, ਰਿਤੂ ਕੌਸ਼ਲ, ਆਰਤੀ ਰਾਜਪੂਤ, ਸੁਮਨ ਰਾਣਾ, ਰਾਜਿੰਦਰ ਸਿੰਘ ਪੱਪੀ, ਗੌਰਵ ਜੋਸ਼ੀ, ਦੀਪਕ ਪੰਡਿਤ ਸਮੇਤ ਸਾਰੇ ਮੰਡਲ ਪ੍ਰਧਾਨ ਅਤੇ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।

ਇਸ ਦੌਰਾਨ ਸੰਗਠਨਾਤਮਕ ਜ਼ਿੰਮੇਵਾਰੀਆਂ ਨੂੰ ਹੋਰ ਮਜ਼ਬੂਤ ਕਰਦਿਆਂ ਰਾਜ ਕੁਮਾਰ ਚੌਧਰੀ ਨੂੰ ਭਾਜਪਾ ਜਲੰਧਰ ਐੱਨ.ਜੀ.ਓ. ਸੈੱਲ ਦਾ ਜ਼ਿਲ੍ਹਾ ਕਨਵੀਨਰ ਅਤੇ ਵਿੱਕੀ ਕੌਸ਼ਲ ਨੂੰ ਜ਼ਿਲ੍ਹਾ ਮੀਡੀਆ ਸੈੱਲ ਦਾ ਕਨਵੀਨਰ ਨਿਯੁਕਤ ਕੀਤਾ ਗਿਆ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਭਾਜਪਾ ਦਾ ਹਰ ਵਰਕਰ ਪਾਰਟੀ ਦੀ ਸਭ ਤੋਂ ਵੱਡੀ ਤਾਕਤ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਸਾਰੇ ਵਰਕਰਾਂ ਨੂੰ ਹੁਣ ਤੋਂ ਹੀ ਆਪਣੀਆਂ ਸੰਗਠਨਾਤਮਕ ਜ਼ਿੰਮੇਵਾਰੀਆਂ ਪੂਰੀ ਸਰਗਰਮੀ ਅਤੇ ਸਮਰਪਣ ਨਾਲ ਨਿਭਾਉਣੀਆਂ ਚਾਹੀਦੀਆਂ ਹਨ। ਚੋਣਾਂ ਦੀਆਂ ਤਿਆਰੀਆਂ ਸਿਰਫ਼ ਚੋਣਾਂ ਦੇ ਸਮੇਂ ਨਹੀਂ, ਸਗੋਂ ਹੁਣ ਤੋਂ ਹੀ ਹਰ ਬੂਥ ‘ਤੇ ਮਜ਼ਬੂਤ ਟੀਮ ਬਣਾਉਣ, ਘਰ-ਘਰ ਸੰਪਰਕ ਕਰਨ ਅਤੇ ਲੋਕਾਂ ਨਾਲ ਲਗਾਤਾਰ ਸੰਵਾਦ ਰਾਹੀਂ ਸ਼ੁਰੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਉਨ੍ਹਾਂ ਸਮੂਹ ਮੰਡਲ ਪ੍ਰਧਾਨਾਂ, ਮੋਰਚਿਆਂ, ਸੈੱਲਾਂ ਅਤੇ ਸੀਨੀਅਰ ਆਗੂਆਂ ਨੂੰ ਅਪੀਲ ਕੀਤੀ ਕਿ 29 ਨਵੰਬਰ, ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਪ੍ਰਸਿੱਧ ਪ੍ਰੋਗਰਾਮ ‘ਮਨ ਕੀ ਬਾਤ’ ਦਾ ਆਯੋਜਨ ਹਰ ਬੂਥ ‘ਤੇ ਪੂਰੀ ਸਰਗਰਮੀ ਅਤੇ ਸਮੂਹਿਕ ਭਾਗੀਦਾਰੀ ਨਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ‘ਮਨ ਕੀ ਬਾਤ’ ਸਿਰਫ਼ ਇੱਕ ਰੇਡੀਓ ਪ੍ਰੋਗਰਾਮ ਨਹੀਂ, ਸਗੋਂ ਪ੍ਰਧਾਨ ਮੰਤਰੀ ਅਤੇ ਦੇਸ਼ ਦੀ ਜਨਤਾ ਵਿਚਕਾਰ ਸਿੱਧਾ ਸੰਵਾਦ ਸਥਾਪਤ ਕਰਨ ਦਾ ਇੱਕ ਮਜ਼ਬੂਤ ਮਾਧਿਅਮ ਹੈ।

ਸੋਸ਼ਲ ਮੀਡੀਆ ਰਾਹੀਂ ਪਾਰਟੀ ਦੀ ਆਵਾਜ਼ ਹਰ ਵਰਗ ਤੱਕ ਪਹੁੰਚਾਉਣਾ ਸਮੇਂ ਦੀ ਲੋੜ

ਅਸ਼ੋਕ ਸਰੀਨ ਹਿੱਕੀ ਨੇ ਪੰਜਾਬ ਭਾਜਪਾ ਦੇ ਸੋਸ਼ਲ ਮੀਡੀਆ ਇੰਚਾਰਜ ਸਵੈਅਮ ਪ੍ਰਕਾਸ਼ ਬਰਾਲ ਦੇ ਮਾਰਗਦਰਸ਼ਨ ਹੇਠ ਸੋਸ਼ਲ ਮੀਡੀਆ ਟੀਮ ਨੂੰ ਹੋਰ ਸਰਗਰਮ ਅਤੇ ਸੰਗਠਿਤ ਬਣਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਸੋਸ਼ਲ ਮੀਡੀਆ ਸਿਰਫ਼ ਪ੍ਰਚਾਰ ਦਾ ਸਾਧਨ ਨਹੀਂ, ਸਗੋਂ ਲੋਕਾਂ ਨਾਲ ਸੰਵਾਦ ਕਰਨ, ਜਨਤਕ ਸਮੱਸਿਆਵਾਂ ਉਠਾਉਣ ਅਤੇ ਭਾਜਪਾ ਦੀ ਵਿਚਾਰਧਾਰਾ, ਕੇਂਦਰ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਅਤੇ ਵਿਕਾਸ ਕਾਰਜਾਂ ਨੂੰ ਹਰ ਵਰਗ ਤੱਕ ਪਹੁੰਚਾਉਣ ਦਾ ਅਹਿਮ ਮਾਧਿਅਮ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਵਰਕਰਾਂ ਨੂੰ ਸੋਸ਼ਲ ਮੀਡੀਆ ‘ਤੇ ਵਿਰੋਧੀ ਧਿਰ ਦੇ ਗਲਤ ਪ੍ਰਚਾਰ ਅਤੇ ਭੰਬਲਭੂਸੇ ਵਾਲੇ ਬਿਰਤਾਂਤ ਦਾ ਤੱਥਾਂ ਦੇ ਆਧਾਰ ‘ਤੇ ਜਵਾਬ ਦੇਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋ ਰਹੇ ਵਿਕਾਸ ਕਾਰਜਾਂ ਅਤੇ ਪੰਜਾਬ ਦੇ ਅਹਿਮ ਲੋਕ ਹਿੱਤ ਦੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਸਾਹਮਣੇ ਰੱਖਣਾ ਸਮੇਂ ਦੀ ਲੋੜ ਹੈ। ਇਸ ਲਈ ਹਰ ਮੰਡਲ ਅਤੇ ਬੂਥ ਪੱਧਰ ‘ਤੇ ਸੋਸ਼ਲ ਮੀਡੀਆ ਟੀਮਾਂ ਦੀ ਸਰਗਰਮ ਭਾਗੀਦਾਰੀ ਯਕੀਨੀ ਬਣਾਈ ਜਾਵੇਗੀ।

ਇਸ ਮੌਕੇ ਸਾਬਕਾ ਵਿਧਾਇਕ ਅਸੀਮ ਗੋਇਲ ਨੇ ਵੀ ਸੰਗਠਨ ਦੀ ਮਜ਼ਬੂਤੀ, ਚੋਣ ਪ੍ਰਬੰਧਨ, ਵਰਕਰਾਂ ਦੀਆਂ ਜ਼ਿੰਮੇਵਾਰੀਆਂ ਅਤੇ ਬੂਥ ਪੱਧਰ ‘ਤੇ ਸਰਗਰਮੀ ਸਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਵਰਕਰਾਂ ਨੂੰ ਮਾਰਗਦਰਸ਼ਨ ਦਿੱਤਾ। ਉੱਥੇ ਹੀ ਸਵੈਅਮ ਪ੍ਰਕਾਸ਼ ਬਰਾਲ ਨੇ ਸੋਸ਼ਲ ਮੀਡੀਆ ਦੇ ਬਿਹਤਰ ਪ੍ਰਬੰਧਨ, ਡਿਜੀਟਲ ਪ੍ਰਚਾਰ ਦੀ ਰਣਨੀਤੀ ਅਤੇ ਪਾਰਟੀ ਦੇ ਸੰਦੇਸ਼ ਨੂੰ ਲੋਕਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਸਬੰਧੀ ਅਹਿਮ ਸੁਝਾਅ ਦਿੱਤੇ।

ਅੰਤ ਵਿੱਚ ਅਸ਼ੋਕ ਸਰੀਨ ਹਿੱਕੀ ਨੇ ਸਾਰੇ ਸੀਨੀਅਰ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਲੰਧਰ ਭਾਜਪਾ ਦਾ ਹਰ ਵਰਕਰ ਪੂਰੀ ਇਕਜੁੱਟਤਾ ਨਾਲ ਸੰਗਠਨ ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀ ਨੂੰ ਮਜ਼ਬੂਤ ਜਨਸਮਰਥਨ ਦਿਵਾਉਣ ਲਈ ਵਚਨਬੱਧ ਹੈ।