Skip to content
ਗੱਡੀ ਚਲਾਉਣੀ ਸਿੱਖ ਰਿਹਾ ਸੀ ਡਰਾਈਵਰ, ਹਾਦਸੇ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
ਲੁਧਿਆਣਾ (ਅਮਿਤ ਨੱਖਵਾਲ): ਲੁਧਿਆਣਾ ਦੇ ਈਸਾ ਨਗਰੀ ਪੁਲੀ ਇਲਾਕੇ ਵਿੱਚ ਅੱਜ ਸਵੇਰੇ ਕਰੀਬ 8:15 ਵਜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਬੇਕਾਬੂ ਵਰਨਾ ਕਾਰ ਨੇ ਪੰਜ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਵਿੱਚ ਸਕੂਟਰੀ ਸਵਾਰ ਸਬਜ਼ੀ ਵਿਕਰੇਤਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਈ ਹੋਰ ਲੋਕ ਗੰਭੀਰ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ, ਕਾਰ ਦੀ ਟੱਕਰ ਕਾਰਨ ਸਬਜ਼ੀ ਵਿਕਰੇਤਾ ਸੜਕ ’ਤੇ ਡਿੱਗ ਗਿਆ ਅਤੇ ਕਾਰ ਉਸ ਨੂੰ ਕੁਝ ਦੂਰੀ ਤੱਕ ਘਸੀਟਦੀ ਹੋਈ ਲੈ ਗਈ। ਇਸ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਚਸ਼ਮਦੀਦਾਂ ਅਨੁਸਾਰ, ਕਾਰ ਚਾਲਕ ਅਜੇ ਗੱਡੀ ਚਲਾਉਣੀ ਸਿੱਖ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਬਾਜ਼ਾਰ ਵਿੱਚ ਲੋਕਾਂ ਦੀ ਭੀੜ ਦੇਖ ਕੇ ਉਹ ਘਬਰਾ ਗਿਆ, ਜਿਸ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਇਹ ਹਾਦਸਾ ਵਾਪਰ ਗਿਆ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ।
ਇਸ ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਤੇਜ਼ ਰਫ਼ਤਾਰ ਨਾਲ ਆ ਰਹੀ ਕਾਰ ਸੜਕ ਕਿਨਾਰੇ ਮੌਜੂਦ ਲੋਕਾਂ ਨੂੰ ਟੱਕਰ ਮਾਰਦੀ ਦਿਖਾਈ ਦੇ ਰਹੀ ਹੈ। ਇਹ ਘਟਨਾ ਥਾਣਾ ਡਿਵੀਜ਼ਨ ਨੰਬਰ 3 ਦੇ ਅਧੀਨ ਆਉਂਦੇ ਈਸਾ ਨਗਰੀ ਪੁਲੀ ਇਲਾਕੇ ਦੀ ਹੈ।
ਮ੍ਰਿਤਕ ਦੀ ਪਛਾਣ ਜਗਤਾਰ ਸਿੰਘ ਗੋਸ਼ਾ ਵਜੋਂ ਹੋਈ ਹੈ, ਜੋ ਬੂਥਗੜ੍ਹ ਦੀ ਸਸਰਾਲੀ ਕਲੋਨੀ ਦਾ ਰਹਿਣ ਵਾਲਾ ਸੀ। ਸਥਾਨਕ ਲੋਕਾਂ ਮੁਤਾਬਕ ਉਹ ਪਿਛਲੇ ਕਰੀਬ 20 ਸਾਲਾਂ ਤੋਂ ਇਸ ਇਲਾਕੇ ਵਿੱਚ ਸਬਜ਼ੀਆਂ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ। ਇਸ ਦਰਦਨਾਕ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਰਿਪੋਰਟ: ਅਮਿਤ ਨੱਖਵਾਲ
Related