
Skip to content

ਜਲੰਧਰ ’ਚ 30 ਸਤੰਬਰ ਦੀ ਅਮਿਤ ਸ਼ਾਹ ਦੀ ਮਹਾਰੈਲੀ ਲਈ ਤਿਆਰੀਆਂ ਸ਼ੁਰੂ
ਪਰਾਗਪੁਰ ਰੈਲੀ ਸਥਾਨ ’ਤੇ ਹਵਨ-ਯੱਗ, ਅਰਦਾਸ ਤੇ ਹਨੂਮਾਨ ਚਾਲੀਸਾ ਪਾਠ ਨਾਲ ਵਿਧੀਵਤ ਆਗਾਜ਼
ਜਲੰਧਰ, 23 ਸਤੰਬਰ (ਨਵੀਨ ਪੁਰੀ) : ਭਾਜਪਾ ਜਲੰਧਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਪਰਾਗਪੁਰ ਜੀ.ਟੀ. ਰੋਡ ਸਥਿਤ ਰੈਲੀ ਸਥਾਨ ’ਤੇ 30 ਸਤੰਬਰ ਨੂੰ ਹੋਣ ਵਾਲੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਸਤਾਵਿਤ ਨਸ਼ਾ ਮੁਕਤੀ ਮਹਾਰੈਲੀ ਦੀਆਂ ਤਿਆਰੀਆਂ ਦਾ ਵਿਧੀਵਤ ਆਗਾਜ਼ ਕੀਤਾ ਗਿਆ। ਇਸ ਮੌਕੇ ਹਵਨ-ਯੱਗ, ਅਰਦਾਸ ਅਤੇ ਹਨੂਮਾਨ ਚਾਲੀਸਾ ਦਾ ਪਾਠ ਕਰਕੇ ਰੈਲੀ ਦੀ ਸਫਲਤਾ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ ਗਈ। ਰੈਲੀ ਦਾ ਸਥਾਨ ਜਲੰਧਰ-ਫਗਵਾੜਾ ਹਾਈਵੇਅ ’ਤੇ ਲਿੱਲੀ ਰਿਜ਼ੋਰਟ ਨੇੜੇ ਖੁੱਲ੍ਹੇ ਖੇਤਰ ਵਿੱਚ ਤੈਅ ਕੀਤਾ ਗਿਆ ਹੈ।\

ਅਸ਼ੋਕ ਸਰੀਨ ਹਿੱਕੀ ਨੇ ਦੱਸਿਆ ਕਿ ਰੈਲੀ ਲਈ ਕਰੀਬ 50 ਏਕੜ ਜ਼ਮੀਨ ’ਤੇ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਜਾ ਰਹੇ ਹਨ। ਪਾਰਕਿੰਗ, ਪੀਣ ਵਾਲੇ ਪਾਣੀ, ਮੈਡੀਕਲ ਸਹਾਇਤਾ, ਸੁਰੱਖਿਆ ਅਤੇ ਬੈਠਣ ਸਮੇਤ ਹੋਰ ਲੋੜੀਂਦੀਆਂ ਸਹੂਲਤਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ, ਇਸ ਲਈ ਪ੍ਰਬੰਧਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਖ਼ਿਲਾਫ਼ ਭਾਜਪਾ ਵੱਲੋਂ ‘ਨਸ਼ਾ ਮੁਕਤ ਪੰਜਾਬ ਯਾਤਰਾ’ ਚਲਾਈ ਜਾ ਰਹੀ ਹੈ, ਜਿਸ ਦੀਆਂ ਚਾਰ ਯਾਤਰਾਵਾਂ 30 ਸਤੰਬਰ ਨੂੰ ਜਲੰਧਰ ਵਿੱਚ ਸਮਾਪਤ ਹੋਣੀਆਂ ਹਨ। ਇਸ ਮੌਕੇ ਹੋਣ ਵਾਲੀ ਜਨਸਭਾ ਨੂੰ ਅਮਿਤ ਸ਼ਾਹ ਵੱਲੋਂ ਸੰਬੋਧਨ ਕੀਤੇ ਜਾਣ ਦੀ ਯੋਜਨਾ ਹੈ।
ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਭਾਜਪਾ ਦਾ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਸਿੱਖਿਆ, ਰੁਜ਼ਗਾਰ ਅਤੇ ਸੁਰੱਖਿਅਤ ਭਵਿੱਖ ਵੱਲ ਲੈ ਕੇ ਜਾਣਾ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ 30 ਸਤੰਬਰ ਨੂੰ ਜਲੰਧਰ ਵਿੱਚ ਹੋਣ ਵਾਲੀ ਮਹਾਰੈਲੀ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ, ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਸ਼ੀਤਲ ਅੰਗੁਰਾਲ, ਕ੍ਰਿਸ਼ਨ ਦੇਵ ਭੰਡਾਰੀ, ਜਗਬੀਰ ਬਰਾਡ਼, ਕਰਮਜੀਤ ਕੌਰ ਚੌਧਰੀ, ਸੁਸ਼ੀਲ ਸ਼ਰਮਾ, ਸਰਬਜੀਤ ਸਿੰਘ ਮੱਕੜ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਰਹੇ।

Related