
Skip to content

ਜਲੰਧਰ RPO ਦੀ ਮੋਬਾਈਲ ਪਾਸਪੋਰਟ ਵੈਨ ਸੇਵਾ ਲੋਕਾਂ ਲਈ ਬਣੀ ਵਰਦਾਨ, ਘਰ ਨੇੜੇ ਹੀ ਮਿਲ ਰਹੀਆਂ ਪਾਸਪੋਰਟ ਸੇਵਾਵਾਂ
ਜਲੰਧਰ (ਅਰਸ਼ਦੀਪ ਸਿੰਘ ਕਾਲੜਾ) :- ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਪਾਸਪੋਰਟ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਜਲੰਧਰ ਖੇਤਰੀ ਪਾਸਪੋਰਟ ਦਫ਼ਤਰ ਵੱਲੋਂ ਚਲਾਈ ਜਾ ਰਹੀ ਮੋਬਾਈਲ ਪਾਸਪੋਰਟ ਵੈਨ ਸੇਵਾ ਸਫਲਤਾਪੂਰਵਕ ਲੋਕਾਂ ਤੱਕ ਪਹੁੰਚ ਰਹੀ ਹੈ। ਇਸ ਪਹਿਲ ਦੇ ਤਹਿਤ ਪਾਸਪੋਰਟ ਬਣਵਾਉਣ ਲਈ ਅਰਜ਼ੀਦਾਰਾਂ ਨੂੰ ਖੇਤਰੀ ਦਫ਼ਤਰ ਦੇ ਚੱਕਰ ਨਹੀਂ ਕੱਟਣੇ ਪੈਂਦੇ, ਸਗੋਂ ਅਰਜ਼ੀ ਤੋਂ ਲੈ ਕੇ ਬਾਇਓਮੈਟ੍ਰਿਕ ਪ੍ਰਕਿਰਿਆ ਤੱਕ ਦੀਆਂ ਸਾਰੀਆਂ ਰਸਮੀ ਕਾਰਵਾਈਆਂ ਵੈਨ ਅੰਦਰ ਹੀ ਪੂਰੀਆਂ ਕਰ ਦਿੱਤੀਆਂ ਜਾਂਦੀਆਂ ਹਨ।
ਖੇਤਰੀ ਪਾਸਪੋਰਟ ਅਧਿਕਾਰੀ ਯਸ਼ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੇਵਾ ਦੀ ਸ਼ੁਰੂਆਤ ਸਾਲ 2023 ਵਿੱਚ ਤਿੰਨ ਵੈਨਾਂ ਨਾਲ ਕੀਤੀ ਗਈ ਸੀ। ਉਸ ਸਮੇਂ ਪਾਸਪੋਰਟ ਅਰਜ਼ੀਆਂ ਦੀ ਵੱਡੀ ਪੈਂਡੈਂਸੀ ਕਾਰਨ ਇਹ ਵੈਨਾਂ ਦਫ਼ਤਰ ਦੇ ਬਾਹਰ ਖੜ੍ਹੀਆਂ ਰਹਿੰਦੀਆਂ ਸਨ ਅਤੇ ਰੋਜ਼ਾਨਾ 50 ਤੋਂ 60 ਅਰਜ਼ੀਆਂ ਦਾ ਨਿਪਟਾਰਾ ਕਰਦੀਆਂ ਸਨ।
ਉਨ੍ਹਾਂ ਦੱਸਿਆ ਕਿ ਹੁਣ ਲੰਬਿਤ ਮਾਮਲਿਆਂ ਵਿੱਚ ਕਾਫ਼ੀ ਕਮੀ ਆਉਣ ਕਾਰਨ ਰੋਟੇਸ਼ਨ ਦੇ ਅਧਾਰ ’ਤੇ ਇੱਕ ਵੈਨ ਚਲਾਈ ਜਾ ਰਹੀ ਹੈ, ਜੋ ਹਰ ਰੋਜ਼ ਕਰੀਬ 30 ਅਰਜ਼ੀਆਂ ਦੀ ਪ੍ਰਕਿਰਿਆ ਪੂਰੀ ਕਰਦੀ ਹੈ। ਇਹ ਮੋਬਾਈਲ ਵੈਨ ਜਲੰਧਰ ਖੇਤਰੀ ਦਫ਼ਤਰ ਅਧੀਨ ਆਉਂਦੇ ਸੱਤ ਜ਼ਿਲ੍ਹਿਆਂ—ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਗੁਰਦਾਸਪੁਰ, ਪਠਾਨਕੋਟ, ਨਵਾਂਸ਼ਹਿਰ ਅਤੇ ਮੋਗਾ—ਦੇ ਦੂਰ-ਦੁਰਾਡੇ ਪਿੰਡਾਂ, ਕਾਲਜਾਂ ਅਤੇ ਹੋਰ ਦੁਸ਼ਵਾਰ ਖੇਤਰਾਂ ਵਿੱਚ ਨਿਰਧਾਰਿਤ ਸ਼ਡਿਊਲ ਅਨੁਸਾਰ ਭੇਜੀ ਜਾਂਦੀ ਹੈ। ਆਮ ਤੌਰ ’ਤੇ ਵੈਨ ਕਿਸੇ ਵੀ ਖੇਤਰ ਵਿੱਚ ਘੱਟੋ-ਘੱਟ ਤਿੰਨ ਦਿਨ ਤੱਕ ਤਾਇਨਾਤ ਰਹਿੰਦੀ ਹੈ।
ਮਹੀਨੇ ਵਿੱਚ ਇੱਕ ਜਾਂ ਦੋ ਵਾਰ ਲੱਗਣ ਵਾਲੇ ਇਨ੍ਹਾਂ ਕੈਂਪਾਂ ਦੀ ਜਾਣਕਾਰੀ ਪਹਿਲਾਂ ਹੀ ਜਾਰੀ ਕਰ ਦਿੱਤੀ ਜਾਂਦੀ ਹੈ, ਜਿਸ ਨਾਲ ਲੋਕ ਸਮੇਂ ਸਿਰ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹਨ। ਇਹ ਸੇਵਾ ਖਾਸ ਕਰਕੇ ਬਜ਼ੁਰਗਾਂ, ਦਿਵਿਆਂਗਜਨਾਂ, ਪਿੰਡਾਂ ਦੇ ਵਸਨੀਕਾਂ ਅਤੇ ਵਿਦਿਆਰਥੀਆਂ ਲਈ ਬਹੁਤ ਲਾਭਕਾਰੀ ਸਾਬਤ ਹੋ ਰਹੀ ਹੈ।
ਅਪਾਇੰਟਮੈਂਟ ਲਾਜ਼ਮੀ
ਮੋਬਾਈਲ ਪਾਸਪੋਰਟ ਵੈਨ ਵਿੱਚ ਵਾਕ-ਇਨ (ਬਿਨਾਂ ਅਪਾਇੰਟਮੈਂਟ) ਸਹੂਲਤ ਉਪਲਬਧ ਨਹੀਂ ਹੈ। ਅਰਜ਼ੀਦਾਰਾਂ ਨੂੰ ਅਧਿਕਾਰਕ ਪਾਸਪੋਰਟ ਸੇਵਾ ਪੋਰਟਲ ਜਾਂ ਐਮ ਪਾਸਪੋਰਟ ਸੇਵਾ ਐਪ ਰਾਹੀਂ ਆਨਲਾਈਨ ਸਲਾਟ ਬੁੱਕ ਕਰਨਾ ਹੋਵੇਗਾ। ਬੁਕਿੰਗ ਦੌਰਾਨ “ਪਾਸਪੋਰਟ ਵੈਨ” ਵਿਕਲਪ ਦੀ ਚੋਣ ਕਰਨੀ ਜ਼ਰੂਰੀ ਹੈ।
ਵੈਨ ਵਿੱਚ ਹੀ ਹੋਵੇਗੀ ਪੂਰੀ ਪ੍ਰਕਿਰਿਆ
ਵੈਨ ਅੰਦਰ ਫੋਟੋ ਖਿੱਚਣ, ਫਿੰਗਰਪ੍ਰਿੰਟ ਅਤੇ ਬਾਇਓਮੈਟ੍ਰਿਕ ਡਾਟਾ ਦਰਜ ਕਰਨ ਲਈ ਆਧੁਨਿਕ ਸਹੂਲਤਾਂ ਉਪਲਬਧ ਹਨ। ਅਰਜ਼ੀਦਾਰਾਂ ਨੂੰ ਆਪਣੇ ਨਾਲ ਪੈਨ ਕਾਰਡ, ਵੋਟਰ ਆਈਡੀ, ਜਨਮ ਪ੍ਰਮਾਣ-ਪੱਤਰ ਅਤੇ ਹੋਰ ਲੋੜੀਂਦੇ ਅਸਲ ਦਸਤਾਵੇਜ਼ਾਂ ਦੇ ਨਾਲ ਸਵੈ-ਪ੍ਰਮਾਣਿਤ ਫੋਟੋਕਾਪੀਆਂ ਵੀ ਲਿਆਉਣੀਆਂ ਹੋਣਗੀਆਂ।
ਸ਼ਡਿਊਲ ਦੀ ਜਾਣਕਾਰੀ ਕਿਵੇਂ ਲਵੋ?
ਜੇਕਰ ਤੁਹਾਡੇ ਇਲਾਕੇ, ਤਹਿਸੀਲ ਜਾਂ ਪਿੰਡ ਵਿੱਚ ਮੋਬਾਈਲ ਪਾਸਪੋਰਟ ਵੈਨ ਦਾ ਕੈਂਪ ਲੱਗਣਾ ਹੈ ਤਾਂ ਇਸ ਦੀ ਤਾਜ਼ਾ ਸਮਾਂ-ਸਾਰਣੀ, ਸਥਾਨ ਅਤੇ ਉਪਲਬਧ ਸਲਾਟਾਂ ਦੀ ਜਾਣਕਾਰੀ ਪਾਸਪੋਰਟ ਸੇਵਾ ਪੋਰਟਲ ਦੇ “ਪਾਸਪੋਰਟ ਸੇਵਾ ਲੋਕੇਟਰ” ਫੀਚਰ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ।
Related