ਜਲੰਧਰ ਦੇ ਰਿਹਾਇਸ਼ੀ ਮਿੱਠੂ ਬਸਤੀ ਇਲਾਕੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਗੁਰੂ ਅਰਜਨ ਦੇਵ ਨਗਰ ਸਥਿਤ ਐਚਪੀ ਪੈਟਰੋਲ ਪੰਪ ਦੀ ਛੱਤ ਉੱਪਰ ਲੱਗੀਆਂ ਪਾਈਪਾਂ ਵਿੱਚ ਅਚਾਨਕ ਅੱਗ ਲੱਗ ਗਈ। ਇਸ ਘਟਨਾ ਨਾਲ ਪੈਟਰੋਲ ਪੰਪ ਦੇ ਕਰਮਚਾਰੀਆਂ ਵਿੱਚ ਹੜਕੰਪ ਮਚ ਗਿਆ ਅਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਮੌਕੇ ‘ਤੇ ਮੌਜੂਦ ਇੱਕ ਵਿਅਕਤੀ ਨੇ ਫਾਇਰ ਐਕਸਟਿੰਗਵਿਸ਼ਰ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ, ਜਿਸ ਨਾਲ ਵੱਡਾ ਹਾਦਸਾ ਟਲ ਗਿਆ। ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਵੀ ਇਸੇ ਪੈਟਰੋਲ ਪੰਪ ‘ਤੇ ਇੱਕ ਬਾਈਕ ਨੂੰ ਅੱਗ ਲੱਗ ਚੁੱਕੀ ਹੈ।

ਘਣੀ ਆਬਾਦੀ ਵਿਚਕਾਰ ਸਥਿਤ ਪੈਟਰੋਲ ਪੰਪ ‘ਤੇ ਵਾਰ-ਵਾਰ ਹੋ ਰਹੀਆਂ ਘਟਨਾਵਾਂ ਕਾਰਨ ਇਲਾਕਾ ਵਾਸੀਆਂ ਵਿੱਚ ਡਰ ਅਤੇ ਗੁੱਸਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਪੈਟਰੋਲ ਪੰਪ ਨੂੰ ਜਲਦ ਤੋਂ ਜਲਦ ਰਿਹਾਇਸ਼ੀ ਇਲਾਕੇ ਤੋਂ ਕਿਸੇ ਹੋਰ ਥਾਂ ਸ਼ਿਫਟ ਕੀਤਾ ਜਾਵੇ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਆਪਣੀ ਸਮੱਸਿਆ ਰੱਖਣਗੇ।