ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ)  :- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ‘ਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਸੂਬੇ ਭਰ ਦੇ ਥਾਣਿਆਂ ਵਿੱਚ ਲੰਬੇ ਸਮੇਂ ਤੋਂ ਖੜ੍ਹੇ ਜ਼ਬਤ ਅਤੇ ਲਾਵਾਰਿਸ ਵਾਹਨਾਂ ਦੇ ਨਿਪਟਾਰੇ ਲਈ ਵਿਸ਼ੇਸ਼ ਮੁਹਿੰਮ ਚਲਾਈ। ਇਸ ਮੁਹਿੰਮ ਤਹਿਤ ਸਿਰਫ਼ ਇੱਕ ਮਹੀਨੇ ਵਿੱਚ 7,402 ਜ਼ਬਤ ਵਾਹਨਾਂ ਦਾ ਨਿਪਟਾਰਾ ਕੀਤਾ ਗਿਆ ਹੈ।

ਮੁਹਿੰਮ ਦੀ ਸ਼ੁਰੂਆਤ ਵੇਲੇ ਪੰਜਾਬ ਪੁਲਿਸ ਦੀ ਕਸਟਡੀ ਵਿੱਚ 55,721 ਵਾਹਨ ਮੌਜੂਦ ਸਨ। ਇਸ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਅਤੇ ਗੈਰਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਪੁਲਿਸ ਨੇ 3,355 ਹੋਰ ਵਾਹਨ ਜ਼ਬਤ ਕੀਤੇ, ਜਿਸ ਨਾਲ ਕੁੱਲ ਗਿਣਤੀ 59,076 ਹੋ ਗਈ। ਹਾਲਾਂਕਿ 7,402 ਵਾਹਨਾਂ ਦੇ ਨਿਪਟਾਰੇ ਤੋਂ ਬਾਅਦ ਹੁਣ ਇਹ ਗਿਣਤੀ ਘਟ ਕੇ 51,674 ਰਹਿ ਗਈ ਹੈ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਅਪਰਾਧੀਆਂ ਅਤੇ ਗੈਰਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਲਗਾਤਾਰ ਸਖ਼ਤ ਮੁਹਿੰਮ ਚਲਾ ਰਹੀ ਹੈ। ਉਨ੍ਹਾਂ ਦੱਸਿਆ ਕਿ ਐਨਡੀਪੀਐਸ ਐਕਟ ਦੀ ਧਾਰਾ 52-ਏ ਨਾਲ ਸਬੰਧਤ ਮਾਮਲਿਆਂ ਨੂੰ ਛੱਡ ਕੇ 8,121 ਵਾਹਨਾਂ ਦੇ ਨਿਪਟਾਰੇ ਲਈ ਕਾਨੂੰਨੀ ਕਾਰਵਾਈ ਜਾਰੀ ਹੈ, ਜਦਕਿ ਧਾਰਾ 52-ਏ ਅਧੀਨ 1,276 ਮਾਮਲਿਆਂ ਵਿੱਚ ਇਨਵੈਂਟਰੀ ਅਤੇ ਫੋਟੋਗ੍ਰਾਫੀ ਦੀ ਪ੍ਰਕਿਰਿਆ ਅਜੇ ਬਾਕੀ ਹੈ।

ਜ਼ਿਲ੍ਹਾ ਪੱਧਰ ‘ਤੇ ਸਭ ਤੋਂ ਵੱਧ ਨਿਪਟਾਰਾ ਜਲੰਧਰ ਕਮਿਸ਼ਨਰੇਟ ਨੇ ਕੀਤਾ, ਜਿੱਥੇ 5,993 ਵਿੱਚੋਂ 779 ਵਾਹਨਾਂ ਦਾ ਨਿਪਟਾਰਾ ਕੀਤਾ ਗਿਆ। ਇਸ ਤੋਂ ਇਲਾਵਾ ਮੋਗਾ ਵਿੱਚ 697, ਬਠਿੰਡਾ ਵਿੱਚ 631, ਫਿਰੋਜ਼ਪੁਰ ਵਿੱਚ 586, ਲੁਧਿਆਣਾ (ਦਿਹਾਤੀ) ਵਿੱਚ 538, ਲੁਧਿਆਣਾ ਕਮਿਸ਼ਨਰੇਟ ਵਿੱਚ 460, ਤਰਨਤਾਰਨ ਵਿੱਚ 302 ਅਤੇ ਫਾਜ਼ਿਲਕਾ ਵਿੱਚ 283 ਵਾਹਨਾਂ ਦਾ ਸਫ਼ਲਤਾਪੂਰਵਕ ਨਿਪਟਾਰਾ ਕੀਤਾ ਗਿਆ।

ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਤਾਂ ਜੋ ਥਾਣਿਆਂ ਵਿੱਚ ਲੰਬੇ ਸਮੇਂ ਤੋਂ ਖੜ੍ਹੇ ਜ਼ਬਤ ਵਾਹਨਾਂ ਦਾ ਸਮੇਂ ਸਿਰ ਨਿਪਟਾਰਾ ਕਰਕੇ ਥਾਣਿਆਂ ਵਿੱਚ ਜਗ੍ਹਾ ਖਾਲੀ ਕੀਤੀ ਜਾ ਸਕੇ ਅਤੇ ਕਾਨੂੰਨੀ ਪ੍ਰਕਿਰਿਆ ਨੂੰ ਹੋਰ ਤੇਜ਼ ਬਣਾਇਆ ਜਾ ਸਕੇ।