ਨਵਾਂਸ਼ਹਿਰ (ਅਰਸ਼ਦੀਪ ਸਿੰਘ ਕਾਲੜਾ)  :- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਨਸ਼ਾ ਤਸਕਰਾਂ ਅਤੇ ਅਪਰਾਧਿਕ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਦੋ ਵੱਖ-ਵੱਖ ਕਾਰਵਾਈਆਂ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 2 ਕਿਲੋ 12 ਗ੍ਰਾਮ ਹੈਰੋਇਨ, ਇੱਕ ਦੇਸੀ ਪਿਸਟਲ .30 ਬੋਰ ਅਤੇ ਚਾਰ ਜ਼ਿੰਦਾ ਰੋਂਦ ਬਰਾਮਦ ਕੀਤੇ ਹਨ।

ਐੱਸਐੱਸਪੀ ਤੁਸ਼ਾਰ ਗੁਪਤਾ (ਆਈਪੀਐਸ) ਦੇ ਦਿਸ਼ਾ-ਨਿਰਦੇਸ਼ਾਂ ਅਤੇ ਐੱਸਪੀ (ਜਾਂਚ) ਸਰਬਜੀਤ ਸਿੰਘ ਬਾਹੀਆ ਤੇ ਡੀਐੱਸਪੀ (ਜਾਂਚ) ਜਤਿੰਦਰ ਚੌਹਾਨ ਦੀ ਅਗਵਾਈ ਹੇਠ ਸੀਆਈਏ ਸਟਾਫ ਨਵਾਂਸ਼ਹਿਰ ਨੇ 30 ਜੂਨ ਨੂੰ ਸਨਪ੍ਰੀਤ ਸਿੰਘ ਉਰਫ਼ ਸੰਧੂ ਅਤੇ ਅਰਮਾਨ ਸੁੰਡ ਉਰਫ਼ ਮਨੀ ਨੂੰ ਪਿੰਡ ਸਨਾਵਾਂ ਨੇੜੇ ਨਹਿਰ ਦੇ ਪੁੱਲ ਕੋਲ ਮੋਟਰਸਾਈਕਲ ਸਮੇਤ ਕਾਬੂ ਕੀਤਾ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 2 ਕਿਲੋ 12 ਗ੍ਰਾਮ ਹੈਰੋਇਨ ਬਰਾਮਦ ਹੋਈ।

ਮੁੱਢਲੀ ਪੁੱਛਗਿੱਛ ਵਿੱਚ ਦੋਵਾਂ ਨੇ ਖੁਲਾਸਾ ਕੀਤਾ ਕਿ ਉਹ ਵਿਦੇਸ਼ ਵਿੱਚ ਰਹਿ ਰਹੇ ਪਰਨਵ ਸਹਿਗਲ ਅਤੇ ਸਰਬਜੀਤ ਸਾਬੀ ਦੇ ਸੰਪਰਕ ਵਿੱਚ ਸਨ। ਸਿਗਨਲ ਐਪ ਰਾਹੀਂ ਮਿਲਣ ਵਾਲੀਆਂ ਹਦਾਇਤਾਂ ਅਨੁਸਾਰ ਉਹ ਨਸ਼ੇ ਦੀ ਖੇਪ ਚੁੱਕ ਕੇ ਅੱਗੇ ਸਪਲਾਈ ਕਰਦੇ ਸਨ।

ਇਸੇ ਦੌਰਾਨ 1 ਜੁਲਾਈ ਨੂੰ ਸੀਆਈਏ ਸਟਾਫ ਨੇ ਇੱਕ ਹੋਰ ਕਾਰਵਾਈ ਵਿੱਚ ਮਨਦੀਪ ਕੁਮਾਰ ਉਰਫ਼ ਮਨੀ ਅਤੇ ਰੀਤਿਕ ਲੀਲ ਉਰਫ਼ ਅਭੀ ਨੂੰ ਪਿੰਡ ਬਘੋਰਾ ਨਹਿਰ ਨੇੜੇ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਇੱਕ ਦੇਸੀ ਪਿਸਟਲ .30 ਬੋਰ ਅਤੇ ਚਾਰ ਜ਼ਿੰਦਾ ਰੋਂਦ ਬਰਾਮਦ ਕੀਤੇ।

ਪੁਲਿਸ ਜਾਂਚ ਅਨੁਸਾਰ ਦੋਵੇਂ ਮੁਲਜ਼ਮ ਕਿਸੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ ਅਤੇ ਉਨ੍ਹਾਂ ਨੂੰ ਵੀ ਵਿਦੇਸ਼ ਵਿੱਚ ਬੈਠੇ ਪਰਨਵ ਸਹਿਗਲ ਅਤੇ ਸਰਬਜੀਤ ਸਾਬੀ ਵੱਲੋਂ ਹਦਾਇਤਾਂ ਮਿਲ ਰਹੀਆਂ ਸਨ।

ਪੁਲਿਸ ਨੇ ਦੋਵੇਂ ਮਾਮਲਿਆਂ ਸਬੰਧੀ ਥਾਣਾ ਸਦਰ ਨਵਾਂਸ਼ਹਿਰ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਦੇਸ਼ ਬੈਠੇ ਮੁੱਖ ਸਾਜ਼ਿਸ਼ਕਾਰਾਂ ਅਤੇ ਉਨ੍ਹਾਂ ਦੇ ਨੈੱਟਵਰਕ ਦੀ ਭਾਲ ਲਈ ਕਾਰਵਾਈ ਜਾਰੀ ਹੈ।