ਅੰਮ੍ਰਿਤਸਰ ਹਵਾਈ ਅੱਡੇ ‘ਤੇ 22 ਲੱਖ ਦੇ ਸੋਨੇ ਦੀ ਤਸਕਰੀ ਨਾਕਾਮ, ਸ਼ਾਰਜਾਹ ਤੋਂ ਆਏ ਯਾਤਰੀ ਕੋਲੋਂ 150 ਗ੍ਰਾਮ ਸ਼ੁੱਧ ਸੋਨਾ ਬਰਾਮਦ

ਅੰਮ੍ਰਿਤਸਰ (ਅਰਸ਼ਦੀਪ ਸਿੰਘ ਕਾਲੜਾ)  :- ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੋਨੇ ਦੀ ਤਸਕਰੀ ਦੇ ਇੱਕ ਵੱਡੇ ਮਾਮਲੇ ਦਾ ਪਰਦਾਫਾਸ਼ ਹੋਇਆ ਹੈ। ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਅਤੇ ਕਸਟਮ ਵਿਭਾਗ ਦੀ ਸਾਂਝੀ ਟੀਮ ਨੇ ਸ਼ਾਰਜਾਹ ਤੋਂ ਆਏ ਇੱਕ ਯਾਤਰੀ ਕੋਲੋਂ ਕਰੀਬ 22.05 ਲੱਖ ਰੁਪਏ ਮੁੱਲ ਦਾ ਸੋਨਾ ਬਰਾਮਦ ਕਰਕੇ ਤਸਕਰੀ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ।

ਮਿਲੀ ਜਾਣਕਾਰੀ ਅਨੁਸਾਰ, ਯਾਤਰੀ ਫਲਾਈਟ ਨੰਬਰ 6E1428 ਰਾਹੀਂ ਸ਼ਾਰਜਾਹ ਤੋਂ ਅੰਮ੍ਰਿਤਸਰ ਪਹੁੰਚਿਆ ਸੀ। ਸ਼ੱਕ ਦੇ ਆਧਾਰ ‘ਤੇ ਡੀਆਰਆਈ ਅਤੇ ਕਸਟਮ ਅਧਿਕਾਰੀਆਂ ਨੇ ਉਸ ਨੂੰ ਰੋਕ ਕੇ ਐਕਸ-ਰੇ ਸਕੈਨ ਅਤੇ ਵਿਸਥਾਰਪੂਰਵਕ ਨਿੱਜੀ ਤਲਾਸ਼ੀ ਲਈ।

ਤਲਾਸ਼ੀ ਦੌਰਾਨ ਯਾਤਰੀ ਕੋਲੋਂ ਪੇਸਟ ਦੇ ਰੂਪ ਵਿੱਚ 174 ਗ੍ਰਾਮ ਸੋਨਾ ਬਰਾਮਦ ਹੋਇਆ। ਜਾਂਚ ਅਤੇ ਪ੍ਰਕਿਰਿਆ ਤੋਂ ਬਾਅਦ ਇਸ ਦਾ ਸ਼ੁੱਧ ਵਜ਼ਨ 150.04 ਗ੍ਰਾਮ ਪਾਇਆ ਗਿਆ, ਜਿਸ ਦੀ ਅਨੁਮਾਨਿਤ ਕੀਮਤ 22,05,588 ਰੁਪਏ ਦੱਸੀ ਗਈ ਹੈ।

ਫਿਲਹਾਲ ਕਸਟਮ ਅਤੇ ਡੀਆਰਆਈ ਦੀਆਂ ਟੀਮਾਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ। ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਤਸਕਰੀ ਦੇ ਪਿੱਛੇ ਕੋਈ ਵੱਡਾ ਗਿਰੋਹ ਜਾਂ ਅੰਤਰਰਾਸ਼ਟਰੀ ਨੈੱਟਵਰਕ ਤਾਂ ਸਰਗਰਮ ਨਹੀਂ। ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।

ਸੁਰੱਖਿਆ ਏਜੰਸੀਆਂ ਨੇ ਇੱਕ ਵਾਰ ਫਿਰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਸੋਨੇ ਦੀ ਤਸਕਰੀ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਤਸਕਰਾਂ ਦੇ ਮਨਸੂਬਿਆਂ ‘ਤੇ ਪਾਣੀ ਫੇਰ ਦਿੱਤਾ ਹੈ।