
Skip to content

ਉੱਤਰਾਖੰਡ ‘ਚ ਮੀਂਹ ਦਾ ਕਹਿਰ ਜਾਰੀ, ਕੇਦਾਰਨਾਥ-ਬਦਰੀਨਾਥ ਤੇ ਯਮੁਨੋਤਰੀ ਹਾਈਵੇਅ ਪ੍ਰਭਾਵਿਤ, ਔਰੇਂਜ ਅਲਰਟ ਜਾਰੀ
ਦੇਹਰਾਦੂਨ (ਅਰਸ਼ਦੀਪ ਸਿੰਘ ਕਾਲੜਾ) :- ਉੱਤਰਾਖੰਡ ਵਿੱਚ ਲਗਾਤਾਰ ਤੀਜੇ ਦਿਨ ਵੀ ਭਾਰੀ ਮੀਂਹ ਦਾ ਦੌਰ ਜਾਰੀ ਹੈ, ਜਿਸ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਕੇਦਾਰਨਾਥ, ਬਦਰੀਨਾਥ ਅਤੇ ਯਮੁਨੋਤਰੀ ਜਾਣ ਵਾਲੇ ਮੁੱਖ ਹਾਈਵੇਅ ਭੂ-ਖਿਸਕਣ ਅਤੇ ਮਲਬਾ ਡਿੱਗਣ ਕਾਰਨ ਕਈ ਥਾਵਾਂ ‘ਤੇ ਪ੍ਰਭਾਵਿਤ ਹੋਏ ਹਨ, ਜਿਸ ਨਾਲ ਯਾਤਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਰੁਦਰਪ੍ਰਯਾਗ ਦੇ ਬਾਂਸਵਾੜਾ ਇਲਾਕੇ ਵਿੱਚ ਕੇਦਾਰਨਾਥ ਹਾਈਵੇਅ ‘ਤੇ ਲਗਾਤਾਰ ਵੱਡੇ-ਵੱਡੇ ਪੱਥਰ ਡਿੱਗ ਰਹੇ ਹਨ। ਉੱਥੇ ਹੀ ਚਮੋਲੀ ਦੇ ਗੁਲਾਬਕੋਟੀ ਨੇੜੇ ਬਦਰੀਨਾਥ ਰਾਸ਼ਟਰੀ ਰਾਜਮਾਰਗ ਭਾਰੀ ਮੀਂਹ ਕਾਰਨ ਆਏ ਮਲਬੇ ਨਾਲ ਬੰਦ ਹੋ ਗਿਆ ਹੈ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦੇਹਰਾਦੂਨ ਸਰਹੱਦ ਨੇੜੇ ਯਮੁਨੋਤਰੀ ਰਾਜਮਾਰਗ ‘ਤੇ ਚੱਲਦੀ ਕਾਰ ਉੱਤੇ ਇੱਕ ਵੱਡਾ ਪੱਥਰ ਡਿੱਗਣ ਨਾਲ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਉਸ ਵਿੱਚ ਸਵਾਰ ਚਾਰ ਲੋਕ ਜ਼ਖਮੀ ਹੋ ਗਏ।
ਮੌਸਮ ਵਿਭਾਗ ਨੇ ਦੇਹਰਾਦੂਨ, ਟਿਹਰੀ, ਪੌੜੀ, ਨੈਨੀਤਾਲ ਅਤੇ ਬਾਗੇਸ਼ਵਰ ਜ਼ਿਲ੍ਹਿਆਂ ਲਈ ਔਰੇਂਜ ਅਲਰਟ ਜਾਰੀ ਕਰਦਿਆਂ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ। ਇਸ ਤੋਂ ਇਲਾਵਾ ਹਰਿਦੁਆਰ, ਉੱਤਰਕਾਸ਼ੀ, ਰੁਦਰਪ੍ਰਯਾਗ ਅਤੇ ਚਮੋਲੀ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਨੇ ਰਾਜ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਗਰਜ-ਚਮਕ ਅਤੇ ਤੇਜ਼ ਹਵਾਵਾਂ ਨਾਲ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਵੀ ਜਤਾਈ ਹੈ।
ਪ੍ਰਸ਼ਾਸਨ ਨੇ ਲੋਕਾਂ ਅਤੇ ਚਾਰਧਾਮ ਯਾਤਰੀਆਂ ਨੂੰ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਅਤੇ ਮੌਸਮ ਸੰਬੰਧੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

Related