ਸ੍ਰੀ ਮੁਕਤਸਰ ਸਾਹਿਬ, 24 ਜੁਲਾਈ (ਵਿਪਨ ਮਿੱਤਲ) ਸਥਾਨਕ ਡੀ.ਸੀ. ਆਫਿਸ ਰੋਡ ਸਥਿਤ ਬੁੱਧ ਵਿਹਾਰ ਦੀਆਂ ਸਮੂਹ ਔਰਤਾਂ ਵੱਲੋਂ ਤੀਆਂ ਦਾ ਤਿਉਹਾਰ ਬੜੀਆਂ ਖੁਸ਼ੀਆਂ ਅਤੇ ਚਾਵਾਂ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਵਿਸ਼ੇਸ਼ ਪੰਜਾਬੀ ਕਲਚਰਲ ਸਮਾਰੋਹ ਆਉਂਦੀ 27 ਜੁਲਾਈ ਐਤਵਾਰ ਨੂੰ ਸ਼ਾਮ ਦੇ ਚਾਰ ਤੋਂ ਸੱਤ ਵਜੇ ਤੱਕ ਸਥਾਨਕ ਸਿਟੀ ਹੋਟਲ ਦੇ ਸੈਲੀਬਰੇਸ਼ਨ ਵਾਇਬਜ਼ ਹਾਲ ਵਿਖੇ ਆਯੋਜਿਤ ਕੀਤਾ ਜਾਵੇਗਾ। ਸਿੱਖਿਆ ਸਾਸ਼ਤਰੀ ਅਤੇ ਸਥਾਨਕ ਬਠਿੰਡਾ ਰੋਡ ਸਥਿਤ ਦ ਗਲੇਡੀਅਸ ਸਕੂਲ ਦੀ ਪ੍ਰਿੰਸੀਪਲ ਮੈਡਮ ਸੰਦੀਪ ਕੌਰ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ। ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਮੇਲਾ ਕਮੇਟੀ ਦੀ ਪ੍ਰਧਾਨ ਰੇਨੂੰ ਗੋਇਲ ਕਰਨਗੇ। ਸਮਾਗਮ ਦਾ ਉਦਘਾਟਨ ਮੌਕੇ ‘ਤੇ ਮੌਜੂਦ ਲੜਕੀਆਂ ਵੱਲੋਂ ਕੀਤਾ ਜਾਵੇਗਾ। ਸਮਾਰੋਹ ਦੌਰਾਨ ਛੋਟੇ ਬੱਚਿਆਂ ਸਮੇਤ ਲੜਕੀਆਂ ਅਤੇ ਔਰਤਾਂ ਵੱਲੋਂ ਪੰਜਾਬੀ ਸਭਿਆਚਾਰ ਨਾਲ ਸਬੰਧਤ ਪਹਿਰਾਵੇ, ਬੋਲੀਆਂ, ਡਾਂਸ ਅਤੇ ਗਿੱਧਾ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮਨਪ੍ਰਚਾਵੇ ਲਈ ਪ੍ਰਸ਼ਨ ਉੱਤਰ ਪ੍ਰਤਿਯੋਗਤਾ ਵੀ ਆਯੋਜਿਤ ਕੀਤੀ ਜਾਵੇਗੀ। ਪ੍ਰਤਿਯੋਗਤਾ ਵਿੱਚ ਜੇਤੂਆਂ ਨੂੰ ਮੇਲਾ ਕਮੇਟੀ ਵੱਲੋਂ ਮੁੱਖ ਮਹਿਮਾਨ ਦੁਆਰਾ ਗਿਫਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਮੇਲੇ ਦੀ ਪ੍ਰੋਜੈਕਟ ਕਮੇਟੀ ਦੀ ਸੀਨੀਅਰ ਮੈਂਬਰ ਮੈਡਮ ਸਲੋਨੀ ਸ਼ਰਮਾ ਨੇ ਦੱਸਿਆ ਹੈ ਕਿ ਉਕਤ ਸਭਿਆਚਾਰਕ ਮੇਲੇ ਵਿੱਚ 81 ਲੇਡੀਜ਼ ਨੇ ਆਪਣੀ ਐਂਟਰੀ ਫੀਸ ਜਮਾ ਕਰਵਾ ਕੇ ਰਜਿਸਟ੍ਰੇਸ਼ਨ ਕਰਵਾ ਲਈ ਹੈ। ਇਸ ਤੋਂ ਇਲਾਵਾ ਸਮਾਰੋਹ ਦੌਰਾਨ ਕੁਝ ਬੱਚੇ ਵੀ ਆਪਣੀ ਕਲਾ ਦਾ ਜੌਹਰ ਦਿਖਾਉਣਗੇ। ਮੈਡਮ ਸਲੋਨੀ ਨੇ ਇਹ ਵੀ ਕਿਹਾ ਹੈ ਕਿ ਹੁਣ ਕਿਸੇ ਵੀ ਔਰਤ ਦੀ ਉਕਤ ਸਮਾਰੋਹ ਲਈ ਰਜਿਸਟ੍ਰੇਸ਼ਨ ਨਹੀਂ ਕੀਤੀ ਜਾਵੇਗੀ। ਉਕਤ ਮੇਲੇ ਦੀ ਖੁਸ਼ੀ ਵਿੱਚ ਬੁੱਧ ਵਿਹਾਰ ਸਥਿਤ ਨਾਰੰਗ ਸ਼ੂਟਿੰਗ ਕਲੱਬ ਦੇ ਸੰਚਾਲਕ ਰਾਕੇਸ਼ ਸੋਨੂੰ ਨਾਰੰਗ ਵੱਲੋਂ ਵਿਸ਼ੇਸ਼ ਆਰਥਿਕ ਸਹਾਇਤਾ ਕੀਤੇ ਜਾਣ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਮੇਲੇ ਦੌਰਾਨ ਖਾਸ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਮੈਡਮ ਸਲੋਨੀ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਉਕਤ ਮੇਲਾ ਤੀਆਂ ਦਾ ਸਮਾਰੋਹ ਦੇ ਅੰਤ ਵਿੱਚ ਮੇਲੇ ਪ੍ਰੋਜੈਕਟ ਕਮੇਟੀ ਦੇ ਮੁੱਖ ਸਲਾਹਕਾਰ ਅਤੇ ਬੁੱਧ ਵਿਹਾਰ ਵਿਕਾਸ ਕਮੇਟੀ ਦੇ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਸਭਨਾਂ ਨੂੰ ਸ਼ੁੱਭ ਕਾਮਨਾਵਾਂ ਭੇਂਟ ਕਰਨਗੇ। ਉਨ੍ਹਾਂ ਨੇ ਸਮਾਰੋਹ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਔਰਤਾਂ ਅਤੇ ਲੜਕੀਆਂ ਨੂੰ ਸਮੇਂ-ਸਿਰ ਠੀਕ ਚਾਰ ਵਜੇ ਸਿਟੀ ਹੋਟਲ ਪਹੁੰਚਣ ਦੀ ਅਪੀਲ ਕੀਤੀ ਹੈ।