PSEB ਦਾ ਅਹਿਮ ਫੈਸਲਾ: 11ਵੀਂ ਪਾਸ ਕਰਨ ਤੋਂ ਬਾਅਦ ਨਹੀਂ ਬਦਲ ਸਕੇਗੀ ਸਟਰੀਮ ਤੇ ਵਿਸ਼ਾ

ਮੋਹਾਲੀ (ਅਰਸ਼ਦੀਪ ਸਿੰਘ ਕਾਲੜਾ): ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਵਿਸ਼ਾ, ਗਰੁੱਪ ਜਾਂ ਸਟਰੀਮ ਬਦਲਣ ਸਬੰਧੀ ਨਿਯਮਾਂ ਵਿੱਚ ਅਹਿਮ ਸੋਧ ਕੀਤੀ ਹੈ। ਨਵੇਂ ਨਿਯਮਾਂ ਤਹਿਤ ਵਿਦਿਆਰਥੀਆਂ ਨੂੰ 11ਵੀਂ ਜਮਾਤ ਦੌਰਾਨ ਹੀ ਆਪਣੀ ਵਿਸ਼ਾ ਚੋਣ, ਗਰੁੱਪ ਜਾਂ ਸਟਰੀਮ ਵਿੱਚ ਤਬਦੀਲੀ ਕਰਨ ਦਾ ਮੌਕਾ ਮਿਲੇਗਾ। 11ਵੀਂ ਜਮਾਤ ਪਾਸ ਕਰਨ ਤੋਂ ਬਾਅਦ 12ਵੀਂ ਵਿੱਚ ਅਜਿਹਾ ਕੋਈ ਬਦਲਾਅ ਨਹੀਂ ਕੀਤਾ ਜਾ ਸਕੇਗਾ।

ਬੋਰਡ ਵੱਲੋਂ ਇਸ ਸਬੰਧੀ ਸੋਧੇ ਹੋਏ ਨਿਯਮ ਜਾਰੀ ਕਰ ਦਿੱਤੇ ਗਏ ਹਨ। ਇਹ ਫੈਸਲਾ 6 ਅਗਸਤ 2026 ਨੂੰ ਹੋਈ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਦੌਰਾਨ ਮੱਦ ਨੰਬਰ 7 ਦੀ ਰੌਸ਼ਨੀ ਵਿੱਚ ਲਿਆ ਗਿਆ ਹੈ। ਨਵੀਆਂ ਹਦਾਇਤਾਂ ਮੁਤਾਬਕ 11ਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਕੋਈ ਵੀ ਉਮੀਦਵਾਰ ਆਪਣਾ ਗਰੁੱਪ ਨਹੀਂ ਬਦਲ ਸਕੇਗਾ। ਇਸੇ ਤਰ੍ਹਾਂ ਉਸੇ ਗਰੁੱਪ ਵਿੱਚ ਵਿਸ਼ਾ ਬਦਲਣ ਦੀ ਵੀ ਇਜਾਜ਼ਤ ਨਹੀਂ ਹੋਵੇਗੀ।

ਬੋਰਡ ਦੇ ਨਿਯਮਾਂ ਅਨੁਸਾਰ 12ਵੀਂ ਜਮਾਤ ਵਿੱਚ ਦਾਖ਼ਲੇ ਤੋਂ ਬਾਅਦ ਸਟਰੀਮ ਬਦਲਣ ਦੀ ਗੁੰਜਾਇਸ਼ ਵੀ ਨਹੀਂ ਰਹੇਗੀ। ਇਹ ਸੋਧ ਅਕਾਦਮਿਕ ਸਾਲ 2026-27 ਤੋਂ ਲਾਗੂ ਹੋਵੇਗੀ। 11ਵੀਂ ਜਮਾਤ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਵਿਸ਼ਾ, ਗਰੁੱਪ ਜਾਂ ਸਟਰੀਮ ਬਦਲਣ ਦੀ ਆਖਰੀ ਤਾਰੀਖ 30 ਸਤੰਬਰ ਨਿਰਧਾਰਤ ਕੀਤੀ ਗਈ ਹੈ।

ਨਿਰਧਾਰਤ ਮਿਆਦ ਦੌਰਾਨ ਵਿਦਿਆਰਥੀ ਆਪਣੀ ਸੰਸਥਾ ਦੇ ਮੁਖੀ ਦੀ ਮਨਜ਼ੂਰੀ ਨਾਲ ਲੋੜੀਂਦੀ ਤਬਦੀਲੀ ਕਰਵਾ ਸਕਣਗੇ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਨਾਲ ਸਬੰਧਤ ਚੋਣ ਨੂੰ ਅੰਤਿਮ ਰੂਪ ਦੇਣਾ ਹੋਵੇਗਾ।

ਬੋਰਡ ਵੱਲੋਂ ਨਿਯਮਾਂ ਵਿੱਚ ਕੀਤੀ ਇਸ ਸੋਧ ਨਾਲ 11ਵੀਂ ਤੋਂ 12ਵੀਂ ਜਮਾਤ ਵਿੱਚ ਜਾਣ ਵਾਲੇ ਵਿਦਿਆਰਥੀਆਂ ਲਈ ਵਿਸ਼ਾ ਚੋਣ ਸਬੰਧੀ ਸਥਿਤੀ ਸਪੱਸ਼ਟ ਹੋ ਗਈ ਹੈ। ਹੁਣ 11ਵੀਂ ਜਮਾਤ ਪਾਸ ਕਰਨ ਤੋਂ ਬਾਅਦ ਵਿਦਿਆਰਥੀ ਨੂੰ ਅਗਲੀ ਜਮਾਤ ਵਿੱਚ ਆਪਣੀ ਵਿਸ਼ਾ ਚੋਣ, ਗਰੁੱਪ ਜਾਂ ਸਟਰੀਮ ਬਦਲਣ ਦਾ ਮੌਕਾ ਨਹੀਂ ਮਿਲੇਗਾ। ਬੋਰਡ ਨੇ ਨਵੀਆਂ ਹਦਾਇਤਾਂ ਦੀ ਜਾਣਕਾਰੀ ਸਬੰਧਤ ਵਿਭਾਗੀ ਅਧਿਕਾਰੀਆਂ ਅਤੇ ਸਿੱਖਿਆ ਸੰਸਥਾਵਾਂ ਨੂੰ ਵੀ ਭੇਜ ਦਿੱਤੀ ਹੈ।