ਪੀ.ਐਸ.ਈ.ਬੀ. ਦਾ ਵੱਡਾ ਫੈਸਲਾ: 8ਵੀਂ, 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦਾ ਪੈਟਰਨ ਬਦਲਿਆ, ਹੁਣ ਰੱਟਾ ਨਹੀਂ ਚੱਲੇਗਾ

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਨੇ ਅਕਾਦਮਿਕ ਸਾਲ 2026-27 ਲਈ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਪ੍ਰਸ਼ਨ-ਪੱਤਰਾਂ ਦੇ ਪੈਟਰਨ ਵਿੱਚ ਵੱਡਾ ਬਦਲਾਅ ਕੀਤਾ ਹੈ। ਬੋਰਡ ਦੇ ਇਸ ਫੈਸਲੇ ਨਾਲ ਹੁਣ ਸਿਰਫ਼ ਕਿਤਾਬਾਂ ਦੇ ਅਭਿਆਸ ਵਾਲੇ ਪ੍ਰਸ਼ਨ ਰੱਟ ਕੇ ਪ੍ਰੀਖਿਆ ਪਾਸ ਕਰਨਾ ਆਸਾਨ ਨਹੀਂ ਰਹੇਗਾ।

ਬੋਰਡ ਵੱਲੋਂ ਜਾਰੀ ਅਧਿਕਾਰਕ ਪੱਤਰ ਅਨੁਸਾਰ ਹੁਣ ਪ੍ਰਸ਼ਨ-ਪੱਤਰਾਂ ਵਿੱਚ 50 ਫੀਸਦੀ ਪ੍ਰਸ਼ਨ ਪਾਠ ਪੁਸਤਕਾਂ ਦੀ ਵਿਸ਼ਾ-ਵਸਤੂ ਵਿੱਚੋਂ, ਅਰਥਾਤ ਅਭਿਆਸ ਤੋਂ ਇਲਾਵਾ ਪਾਠ ਦੇ ਵਿਚਕਾਰਲੇ ਭਾਗਾਂ ਵਿੱਚੋਂ ਪੁੱਛੇ ਜਾਣਗੇ। ਬਾਕੀ 50 ਫੀਸਦੀ ਪ੍ਰਸ਼ਨ ਹੀ ਪਾਠ ਪੁਸਤਕਾਂ ਦੇ ਅਭਿਆਸ ਅਤੇ ਪ੍ਰਸ਼ਨ-ਬੈਂਕ ਵਿੱਚੋਂ ਸ਼ਾਮਲ ਕੀਤੇ ਜਾਣਗੇ।

ਬੋਰਡ ਦਾ ਕਹਿਣਾ ਹੈ ਕਿ ਇਸ ਬਦਲਾਅ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਵਿਸ਼ਿਆਂ ਪ੍ਰਤੀ ਸਮਝ (Conceptual Understanding) ਨੂੰ ਮਜ਼ਬੂਤ ਕਰਨਾ ਹੈ, ਤਾਂ ਜੋ ਉਹ ਰੱਟਾ ਲਗਾਉਣ ਦੀ ਬਜਾਏ ਪਾਠ ਨੂੰ ਗਹਿਰਾਈ ਨਾਲ ਸਮਝਣ ਅਤੇ ਉਸ ਅਧਾਰ ’ਤੇ ਪ੍ਰਸ਼ਨਾਂ ਦੇ ਜਵਾਬ ਦੇ ਸਕਣ।

ਇਸ ਫੈਸਲੇ ਨੂੰ ਲਾਗੂ ਕਰਨ ਲਈ ਬੋਰਡ ਦੇ ਉਪ-ਸਚਿਵ (ਅਕਾਦਮਿਕ) ਵੱਲੋਂ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ ਸਿੱਖਿਆ) ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ-ਆਪਣੇ ਜ਼ਿਲ੍ਹਿਆਂ ਦੇ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕਾਂ ਨੂੰ ਇਸ ਨਵੇਂ ਪ੍ਰੀਖਿਆ ਪੈਟਰਨ ਬਾਰੇ ਤੁਰੰਤ ਜਾਣੂ ਕਰਵਾਉਣ, ਤਾਂ ਜੋ ਵਿਦਿਆਰਥੀਆਂ ਦੀ ਤਿਆਰੀ ਹੁਣੇ ਤੋਂ ਹੀ ਨਵੇਂ ਢੰਗ ਨਾਲ ਕਰਵਾਈ ਜਾ ਸਕੇ।

ਸਿੱਖਿਆ ਮਾਹਿਰਾਂ ਮੁਤਾਬਕ ਇਹ ਬਦਲਾਅ ਵਿਦਿਆਰਥੀਆਂ ਵਿੱਚ ਵਿਸ਼ਿਆਂ ਦੀ ਡੂੰਘੀ ਸਮਝ ਵਿਕਸਤ ਕਰਨ ਅਤੇ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਇੱਕ ਅਹਿਮ ਕਦਮ ਸਾਬਤ ਹੋ ਸਕਦਾ ਹੈ।