
Skip to content

ਜਤਿੰਦਰ ਪਿੰਕਲ(ਫ਼ਿਰੋਜ਼ਪੁਰ):-ਜਪਾਨ ‘ਚ ਚਮਕੀ ਫਿਰੋਜ਼ਪੁਰ ਦੀ ਰਸ਼ਮੀਨ ਕੌਰ ਹਾਂਡਾ, ਅੰਡਰ-18 ਮਹਿਲਾ ਹਾਕੀ ਏਸ਼ੀਆ ਕੱਪ ‘ਚ ਭਾਰਤ ਦੀ ਨੁਮਾਇੰਦਗੀ ਕਰ ਵਧਾਇਆ ਜ਼ਿਲ੍ਹੇ ਦਾ ਮਾਣ
ਫਿਰੋਜ਼ਪੁਰ ਦੀ ਹੋਣਹਾਰ ਹਾਕੀ ਖਿਡਾਰਨ ਰਸ਼ਮੀਨ ਕੌਰ ਹਾਂਡਾ ਨੇ ਜਪਾਨ ਦੇ ਕਾਕਾਮਿਗਾਹਾਰਾ ਵਿੱਚ ਹੋਏ ਅੰਡਰ-18 ਮਹਿਲਾ ਹਾਕੀ ਏਸ਼ੀਆ ਕੱਪ ਵਿੱਚ ਭਾਰਤੀ ਟੀਮ ਦੀ ਨੁਮਾਇੰਦਗੀ ਕਰਕੇ ਜ਼ਿਲ੍ਹੇ ਦਾ ਨਾਮ ਅੰਤਰਰਾਸ਼ਟਰੀ ਪੱਧਰ ‘ਤੇ ਰੌਸ਼ਨ ਕੀਤਾ ਹੈ। ਰਸ਼ਮੀਨ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਉਸਦੇ ਪਰਿਵਾਰ ਸਮੇਤ ਪੂਰੇ ਸਰਹੱਦੀ ਜ਼ਿਲ੍ਹੇ ਵਿੱਚ ਖੁਸ਼ੀ ਅਤੇ ਮਾਣ ਦਾ ਮਾਹੌਲ ਹੈ।
ਹਾਕੀ ਫਿਰੋਜ਼ਪੁਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਹਾਕੀ ਕੋਚ ਮਨਮੀਤ ਸਿੰਘ ਰੂਬਲ ਨੇ ਦੱਸਿਆ ਕਿ ਰਸ਼ਮੀਨ ਨੇ ਪੂਰੇ ਟੂਰਨਾਮੈਂਟ ਦੌਰਾਨ ਮਿਡਫੀਲਡਰ ਵਜੋਂ ਬਿਹਤਰੀਨ ਪ੍ਰਦਰਸ਼ਨ ਕੀਤਾ। ਆਪਣੀ ਤੇਜ਼ ਰਫ਼ਤਾਰ, ਚੁਸਤ ਖੇਡ ਅਤੇ ਉੱਚ ਕੋਟੀ ਦੇ ਹੁਨਰ ਨਾਲ ਉਸਨੇ ਦਰਸ਼ਕਾਂ ਅਤੇ ਖੇਡ ਮਾਹਿਰਾਂ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਦੱਸਿਆ ਕਿ ਭਾਰਤੀ ਟੀਮ ਨੇ ਕਾਂਸੀ ਦੇ ਤਗਮੇ ਲਈ ਹੋਏ ਮੁਕਾਬਲੇ ਵਿੱਚ ਦੱਖਣੀ ਕੋਰੀਆ ਨੂੰ 3-0 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ, ਜਿਸ ਵਿੱਚ ਰਸ਼ਮੀਨ ਦਾ ਯੋਗਦਾਨ ਕਾਬਿਲ-ਏ-ਤਾਰੀਫ਼ ਰਿਹਾ।
ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਨਿਰੁੱਧ ਗੁਪਤਾ ਨੇ ਕਿਹਾ ਕਿ ਸਰਹੱਦੀ ਜ਼ਿਲ੍ਹੇ ਦੀ ਇੱਕ ਖਿਡਾਰਨ ਦਾ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਣਾ ਨੌਜਵਾਨ ਖਿਡਾਰੀਆਂ ਲਈ ਵੱਡੀ ਪ੍ਰੇਰਣਾ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਹਾਕੀ ਨੂੰ ਪ੍ਰੋਤਸਾਹਿਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਫਿਰੋਜ਼ਪੁਰ ਹਾਕੀ ਦੇ ਖੇਤਰ ਵਿੱਚ ਆਪਣਾ ਪੁਰਾਣਾ ਮਾਣ ਮੁੜ ਹਾਸਲ ਕਰ ਸਕੇ ਅਤੇ ਭਵਿੱਖ ਵਿੱਚ ਹੋਰ ਅੰਤਰਰਾਸ਼ਟਰੀ ਖਿਡਾਰੀ ਤਿਆਰ ਹੋਣ।
ਇਸ ਮੌਕੇ ਐਸੋਸੀਏਸ਼ਨ ਦੇ ਸੀਨੀਅਰ ਉਪ ਪ੍ਰਧਾਨ ਅਤੇ ਸਾਬਕਾ ਡੀਐਸਓ ਹਰਿਨਾਰਾਇਣ ਸਿੰਘ ਲਾਡੜੀ, ਸੰਯੁਕਤ ਸਕੱਤਰ ਤੇਜਬੀਰ ਸਿੰਘ, ਸੀਨੀਅਰ ਹਾਕੀ ਖਿਡਾਰੀ ਜਸਪ੍ਰੀਤ ਸਿੰਘ, ਮਨਿੰਦਰ ਹਾਂਡਾ, ਗੁਰਪ੍ਰੀਤ ਸਿੰਘ, ਕਰਣਦੀਪ ਸਿੰਘ, ਗੁਰਸੇਵਕ ਸਿੰਘ ਸਮੇਤ ਹੋਰ ਮੈਂਬਰਾਂ ਨੇ ਰਸ਼ਮੀਨ ਦੀ ਇਸ ਉਪਲਬਧੀ ‘ਤੇ ਖੁਸ਼ੀ ਪ੍ਰਗਟ ਕੀਤੀ।
Related