Skip to content
ਪੰਜਾਬ ਅਤੇ ਚੰਡੀਗੜ੍ਹ ’ਚ ਮੌਸਮ ਨੇ ਬਦਲਿਆ ਮਿਜ਼ਾਜ, ਦੋ ਦਿਨ ਤੂਫ਼ਾਨ ਤੇ ਗੜ੍ਹੇਮਾਰੀ ਦੀ ਚੇਤਾਵਨੀ
ਕਈ ਇਲਾਕਿਆਂ ’ਚ ਬਿਜਲੀ ਦੀ ਗਰਜ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ, 31 ਅਕਤੂਬਰ ਤੋਂ ਮੌਸਮ ਹੋਵੇਗਾ ਆਮ
ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ) : ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਸਵੇਰ ਤੋਂ ਹੀ ਮੌਸਮ ਨੇ ਆਪਣਾ ਮਿਜ਼ਾਜ ਬਦਲ ਲਿਆ ਹੈ। ਸੂਬੇ ਦੇ ਕਈ ਇਲਾਕਿਆਂ ਵਿੱਚ ਹਲਕੀ ਬਾਰਿਸ਼ ਅਤੇ ਕਿਣਮਿਣ ਹੋਣ ਦੇ ਨਾਲ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿੱਚ ਆਈ ਇਸ ਤਬਦੀਲੀ ਦੇ ਮੱਦੇਨਜ਼ਰ ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਵੱਲੋਂ 29 ਅਤੇ 30 ਅਕਤੂਬਰ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਤੂਫ਼ਾਨ, ਬਿਜਲੀ ਚਮਕਣ ਅਤੇ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਕੁਝ ਇਲਾਕਿਆਂ ਵਿੱਚ ਗੜ੍ਹੇਮਾਰੀ ਹੋਣ ਦੀ ਵੀ ਸੰਭਾਵਨਾ ਪ੍ਰਗਟਾਈ ਗਈ ਹੈ।
ਮੌਸਮ ਵਿਭਾਗ ਅਨੁਸਾਰ, ਇਸ ਤਬਦੀਲੀ ਦਾ ਮੁੱਖ ਕਾਰਨ ਪੱਛਮੀ ਗੜਬੜੀ ਹੈ। ਜੰਮੂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵਾਯੂਮੰਡਲ ਦੇ ਉੱਪਰੀ ਹਿੱਸੇ ਵਿੱਚ ਚੱਕਰਵਾਤੀ ਹਵਾਵਾਂ ਦਾ ਘੇਰਾ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਪੱਛਮੀ ਹਵਾਵਾਂ ਵਿੱਚ ਇੱਕ ਹੋਰ ਪੱਛਮੀ ਗੜਬੜੀ ਸਰਗਰਮ ਹੋਣ ਕਾਰਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਬੱਦਲਵਾਈ, ਗਰਜ-ਚਮਕ, ਤੇਜ਼ ਹਵਾਵਾਂ ਅਤੇ ਕੁਝ ਥਾਵਾਂ ’ਤੇ ਗੜ੍ਹੇ ਪੈਣ ਦੀ ਸੰਭਾਵਨਾ ਬਣੀ ਹੋਈ ਹੈ।
ਫਰੀਦਕੋਟ ਵਿੱਚ ਸਭ ਤੋਂ ਵੱਧ 36.2 ਡਿਗਰੀ ਤਾਪਮਾਨ ਦਰਜ
ਮੌਸਮ ਵਿੱਚ ਬਦਲਾਅ ਦੇ ਬਾਵਜੂਦ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ ਬੁੱਧਵਾਰ ਦੇ ਮੁਕਾਬਲੇ 0.7 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਸੂਬੇ ਦਾ ਤਾਪਮਾਨ ਲਗਭਗ ਆਮ ਪੱਧਰ ’ਤੇ ਪਹੁੰਚ ਗਿਆ ਹੈ। ਫਰੀਦਕੋਟ ਵਿੱਚ ਸਭ ਤੋਂ ਵੱਧ 36.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜਦਕਿ ਚੰਡੀਗੜ੍ਹ ਵਿੱਚ 28 ਅਕਤੂਬਰ ਨੂੰ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਰਿਹਾ, ਜੋ ਆਮ ਨਾਲੋਂ 4.2 ਡਿਗਰੀ ਵੱਧ ਸੀ।
31 ਅਕਤੂਬਰ ਤੋਂ ਮੌਸਮ ਸਾਫ਼ ਹੋਣ ਦੀ ਉਮੀਦ
ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ 30 ਅਕਤੂਬਰ ਤੋਂ ਬਾਅਦ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਘੱਟ ਹੋ ਜਾਵੇਗੀ। 31 ਅਕਤੂਬਰ ਤੋਂ 4 ਨਵੰਬਰ ਤੱਕ ਸੂਬੇ ਲਈ ਕੋਈ ਮੌਸਮੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਇਸ ਦੌਰਾਨ ਜ਼ਿਆਦਾਤਰ ਇਲਾਕਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 30 ਤੋਂ 32 ਡਿਗਰੀ ਸੈਲਸੀਅਸ ਅਤੇ ਹੋਰ ਖੇਤਰਾਂ ਵਿੱਚ 32 ਤੋਂ 34 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ।
ਕਈ ਜ਼ਿਲ੍ਹਿਆਂ ਵਿੱਚ ਰਾਤ ਦਾ ਤਾਪਮਾਨ 8 ਤੋਂ 12 ਡਿਗਰੀ ਰਹਿਣ ਦੀ ਸੰਭਾਵਨਾ
ਮੌਸਮ ਵਿਭਾਗ ਅਨੁਸਾਰ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਦੇ ਕੁਝ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ 8 ਤੋਂ 12 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ। ਸੂਬੇ ਦੇ ਬਾਕੀ ਇਲਾਕਿਆਂ ਵਿੱਚ ਰਾਤ ਦਾ ਤਾਪਮਾਨ 12 ਤੋਂ 14 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਆਉਣ ਵਾਲੇ ਹਫ਼ਤੇ ਦੌਰਾਨ ਘੱਟੋ-ਘੱਟ ਤਾਪਮਾਨ ਆਮ ਦੇ ਨੇੜੇ ਰਹਿਣ ਦਾ ਅਨੁਮਾਨ ਹੈ।
Related