ਚੰਡੀਗੜ੍ਹ ‘ਤੇ ਪੰਜਾਬ ਦਾ ਦਾਅਵਾ ਛੱਡਣ ਦੀ ਚਰਚਾ? ਮਨੀਸ਼ ਤਿਵਾੜੀ ਨੂੰ ਸਲਾਹ-ਮਸ਼ਵਰੇ ਤੋਂ ਦੂਰ ਰੱਖਣ ‘ਤੇ ਉੱਠੇ ਸਵਾਲ

ਚੰਡੀਗੜ੍ਹ: ਚੰਡੀਗੜ੍ਹ ‘ਤੇ ਪੰਜਾਬ ਦਾ ਇਤਿਹਾਸਕ ਦਾਅਵਾ ਰਿਹਾ ਹੈ ਕਿਉਂਕਿ ਵੰਡ ਤੋਂ ਬਾਅਦ ਲਾਹੌਰ ਪਾਕਿਸਤਾਨ ਵਿੱਚ ਚਲੇ ਜਾਣ ਮਗਰੋਂ ਇਸ ਨੂੰ ਪੂਰਬੀ ਪੰਜਾਬ ਦੀ ਰਾਜਧਾਨੀ ਵਜੋਂ ਵਿਕਸਿਤ ਕੀਤਾ ਗਿਆ ਸੀ। 1966 ਵਿੱਚ ਪੰਜਾਬ ਦੀ ਮੁੜ ਵੰਡ ਤੋਂ ਬਾਅਦ ਵੀ ਪੰਜਾਬ ਹਮੇਸ਼ਾ ਚੰਡੀਗੜ੍ਹ ਨੂੰ ਆਪਣੀ ਰਾਜਧਾਨੀ ਮੰਨਦਾ ਆਇਆ ਹੈ।

ਇਸੇ ਦਰਮਿਆਨ ਪੰਜਾਬ ਕਾਂਗਰਸ ਅਤੇ ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਹਾਲੀਆ ਸਲਾਹ-ਮਸ਼ਵਰਿਆਂ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛਿੜ ਗਈ ਹੈ। ਚਰਚਾ ਦਾ ਕੇਂਦਰ ਚੰਡੀਗੜ੍ਹ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਸਲਾਹ-ਮਸ਼ਵਰਾ ਪ੍ਰਕਿਰਿਆ ਵਿੱਚ ਸ਼ਾਮਲ ਨਾ ਕੀਤਾ ਜਾਣਾ ਹੈ।

ਮਨੀਸ਼ ਤਿਵਾੜੀ ਨੇ 2024 ਦੀ ਲੋਕ ਸਭਾ ਚੋਣ ਵਿੱਚ ਭਾਜਪਾ ਤੋਂ ਚੰਡੀਗੜ੍ਹ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਈ ਸੀ। ਉਹ ਪਹਿਲਾਂ ਲੁਧਿਆਣਾ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਵੀ ਸੰਸਦ ਮੈਂਬਰ ਰਹਿ ਚੁੱਕੇ ਹਨ ਅਤੇ ਕੇਂਦਰੀ ਮੰਤਰੀ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਪੰਜਾਬ ਦੇ ਮੁੱਦਿਆਂ ‘ਤੇ ਉਨ੍ਹਾਂ ਦੀ ਪਕੜ ਅਤੇ ਲੰਬੇ ਰਾਜਨੀਤਿਕ ਤਜਰਬੇ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਲਾਹ-ਮਸ਼ਵਰਿਆਂ ਤੋਂ ਦੂਰ ਰੱਖਣ ‘ਤੇ ਸਵਾਲ ਉੱਠ ਰਹੇ ਹਨ।

ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਨਾਲ ਸੰਬੰਧਿਤ ਮਹੱਤਵਪੂਰਨ ਮਸਲਿਆਂ ‘ਤੇ ਚਰਚਾ ਲਈ ਹੋਰ ਆਗੂਆਂ ਨੂੰ ਸੱਦਾ ਦਿੱਤਾ ਗਿਆ ਸੀ, ਤਾਂ ਚੰਡੀਗੜ੍ਹ ਤੋਂ ਮੌਜੂਦਾ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਕਿਉਂ ਨਹੀਂ ਸ਼ਾਮਲ ਕੀਤਾ ਗਿਆ? ਇਸ ਕਾਰਨ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਕੀ ਕਾਂਗਰਸ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਵਜੋਂ ਆਪਣੇ ਦਾਅਵੇ ਨੂੰ ਲੈ ਕੇ ਨਰਮ ਰੁਖ ਅਪਣਾ ਰਹੀ ਹੈ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਰਾਜਨੀਤਿਕ ਕਾਰਨ ਹਨ।

ਹਾਲਾਂਕਿ ਕਾਂਗਰਸ ਵੱਲੋਂ ਇਸ ਮਾਮਲੇ ‘ਤੇ ਕੋਈ ਅਧਿਕਾਰਕ ਸਪੱਸ਼ਟੀਕਰਨ ਸਾਹਮਣੇ ਨਹੀਂ ਆਇਆ ਹੈ, ਪਰ ਮਨੀਸ਼ ਤਿਵਾੜੀ ਨੂੰ ਸਲਾਹ-ਮਸ਼ਵਰੇ ਤੋਂ ਬਾਹਰ ਰੱਖਣ ਦੇ ਫ਼ੈਸਲੇ ਨੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਨੂੰ ਜ਼ਰੂਰ ਤੇਜ਼ ਕਰ ਦਿੱਤਾ ਹੈ।