ਤਰਨਤਾਰਨ ’ਚ ਮਟਰਾਂ ਦੀ ਸਬਜ਼ੀ ਖਾਣ ਮਗਰੋਂ ਇੱਕ ਦੀ ਮੌਤ, ਪਰਿਵਾਰ ਦੇ 4 ਮੈਂਬਰ ਹਸਪਤਾਲ ’ਚ ਦਾਖਲ

ਤਰਨਤਾਰਨ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਿੰਡ ਦੁਗਲਵਾਲਾ ਦੇ ਇੱਕ ਪਰਿਵਾਰ ਵੱਲੋਂ ਬੰਦ ਪੈਕੇਟ ਵਾਲੇ ਮਟਰਾਂ ਦੀ ਸਬਜ਼ੀ ਖਾਣ ਮਗਰੋਂ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਪਰਿਵਾਰ ਦੇ ਚਾਰ ਹੋਰ ਮੈਂਬਰ ਬਿਮਾਰ ਹੋ ਗਏ। ਜਾਣਕਾਰੀ ਅਨੁਸਾਰ ਪਰਿਵਾਰ ਨੇ ਤਰਨਤਾਰਨ ਦੀ ਇੱਕ ਦੁਕਾਨ ਤੋਂ ਮਟਰਾਂ ਦਾ ਪੈਕਟ ਖਰੀਦਿਆ ਸੀ ਅਤੇ ਮੰਗਲਵਾਰ ਰਾਤ ਉਸ ਦੀ ਸਬਜ਼ੀ ਤਿਆਰ ਕਰਕੇ ਖਾਧੀ ਸੀ।

ਪਰਿਵਾਰ ਦੇ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਸਬਜ਼ੀ ਖਾਣ ਤੋਂ ਕੁਝ ਸਮੇਂ ਬਾਅਦ ਉਨ੍ਹਾਂ ਦੇ ਕਾਮੇ ਜਗਤਾਰ ਸਿੰਘ ਜੱਗੀ ਨੂੰ ਪੇਟ ਦਰਦ ਦੀ ਸ਼ਿਕਾਇਤ ਹੋਈ, ਜਿਸ ਦੀ ਹਾਲਤ ਤੇਜ਼ੀ ਨਾਲ ਵਿਗੜ ਗਈ। ਇਸੇ ਤਰ੍ਹਾਂ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਵੀ ਤਕਲੀਫ਼ ਮਹਿਸੂਸ ਹੋਈ। ਸਾਰਿਆਂ ਨੂੰ ਤੁਰੰਤ ਤਰਨਤਾਰਨ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਜਗਤਾਰ ਸਿੰਘ ਜੱਗੀ ਦੀ ਮੌਤ ਹੋ ਗਈ।

ਹਸਪਤਾਲ ਵਿੱਚ ਦਾਖਲ ਦਿਲਬਾਗ ਸਿੰਘ, ਉਨ੍ਹਾਂ ਦੀ ਪਤਨੀ ਅਤੇ ਦੋ ਨੂੰਹਾਂ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੌਤ ਅਤੇ ਬਿਮਾਰੀ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।