ਚੰਡੀਗੜ੍ਹ | ਅਮਿਤ ਨਖਵਾਲ:  ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦਾ ਅੱਜ ਦੂਜਾ ਦਿਨ ਹੈ। ਅੱਜ ਸਦਨ ਵਿੱਚ ਪੰਜਾਬ ਰੈਗੂਲੇਸ਼ਨ ਐਂਡ ਮੇਨਟੇਨੈਂਸ ਸੋਧ ਬਿੱਲ, 2026 ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਛੇ ਵੱਖ-ਵੱਖ ਵਿਭਾਗਾਂ ਦੀਆਂ ਸਾਲਾਨਾ ਰਿਪੋਰਟਾਂ ਵੀ ਸਦਨ ਦੇ ਮੇਜ਼ ‘ਤੇ ਰੱਖੀਆਂ ਜਾਣਗੀਆਂ।

ਵਿਰੋਧੀ ਧਿਰ ਵੱਲੋਂ ਵੱਖ-ਵੱਖ ਲੋਕ ਹਿੱਤ ਦੇ ਮੁੱਦਿਆਂ ‘ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਗਈ ਹੈ, ਜਿਸ ਕਾਰਨ ਅੱਜ ਵੀ ਵਿਧਾਨ ਸਭਾ ਵਿੱਚ ਹੰਗਾਮੇ ਦੇ ਆਸਾਰ ਬਣੇ ਹੋਏ ਹਨ।

ਇਜਲਾਸ ਦੇ ਪਹਿਲੇ ਦਿਨ ਫਾਰਮੇਸੀ ਪ੍ਰੀਖਿਆ ਦੇ ਕਥਿਤ ਪੇਪਰ ਲੀਕ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਨੇ ਸਦਨ ਵਿੱਚ ਜ਼ੋਰਦਾਰ ਹੰਗਾਮਾ ਕੀਤਾ ਅਤੇ ਵਾਕਆਊਟ ਵੀ ਕੀਤਾ। ਇਸ ਦੇ ਜਵਾਬ ਵਿੱਚ ਸਰਕਾਰ ਨੇ ਸਪੱਸ਼ਟ ਕੀਤਾ ਕਿ ਇਹ ਪੇਪਰ ਲੀਕ ਨਹੀਂ, ਸਗੋਂ ਹਾਈਟੈਕ ਨਕਲ ਦਾ ਮਾਮਲਾ ਸੀ ਅਤੇ ਦੋਸ਼ੀਆਂ ਨੂੰ ਘਟਨਾ ਤੋਂ ਕੇਵਲ 15 ਮਿੰਟਾਂ ਦੇ ਅੰਦਰ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਪਹਿਲੇ ਦਿਨ ਕਾਂਗਰਸੀ ਵਿਧਾਇਕ ਕਾਲੇ ਕੱਪੜੇ ਅਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਵਿਧਾਨ ਸਭਾ ਪਹੁੰਚੇ। ਉਨ੍ਹਾਂ ਨੇ ਹੱਥਾਂ ਵਿੱਚ ਤਖਤੀਆਂ ਫੜ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿਹਤ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਕੀਤੀ।

ਗੌਰਤਲਬ ਹੈ ਕਿ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ 10 ਅਗਸਤ ਤੱਕ ਚੱਲੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਕਈ ਅਹਿਮ ਬਿੱਲਾਂ ਅਤੇ ਲੋਕ-ਹਿੱਤ ਨਾਲ ਜੁੜੇ ਮੁੱਦਿਆਂ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ।

 ਰਿਪੋਰਟ: ਅਮਿਤ ਨਖਵਾਲ