ਅਮਿਤ ਨਖਵਾਲ:  ਜਲੰਧਰ ਦੇ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿੱਚ ਅੱਜ ਸਵੇਰੇ ਕਰੀਬ 5 ਵਜੇ ਅਚਾਨਕ ਅੱਗ ਲੱਗਣ ਕਾਰਨ ਹੜਕੰਪ ਮਚ ਗਿਆ। ਘਟਨਾ ਵੇਲੇ ਵਾਰਡ ਵਿੱਚ ਚਾਰ ਨਵਜੰਮੇ ਬੱਚੇ, ਉਨ੍ਹਾਂ ਦੀਆਂ ਮਾਵਾਂ ਅਤੇ ਹੋਰ ਮਰੀਜ਼ ਦਾਖਲ ਸਨ। ਹਾਲਾਂਕਿ ਹਸਪਤਾਲ ਦੇ ਸੁਰੱਖਿਆ ਕਰਮਚਾਰੀਆਂ ਅਤੇ ਸਟਾਫ ਨੇ ਤੁਰੰਤ ਕਾਰਵਾਈ ਕਰਦਿਆਂ ਪੂਰੇ ਵਾਰਡ ਨੂੰ ਖਾਲੀ ਕਰਵਾ ਲਿਆ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਜਾਣਕਾਰੀ ਮੁਤਾਬਕ, ਗਰਮੀ ਕਾਰਨ ਏਅਰ ਕੰਡੀਸ਼ਨਰ ਜ਼ਿਆਦਾ ਗਰਮ ਹੋ ਗਿਆ ਅਤੇ ਉਸ ਵਿੱਚ ਹੋਏ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਨੇੜੇ ਪਿਆ ਸਮਾਨ ਵੀ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਵਾਰਡ ਵਿੱਚ ਸੰਘਣਾ ਧੂੰਆ ਫੈਲ ਗਿਆ, ਜਿਸ ਨਾਲ ਮਾਵਾਂ, ਨਵਜੰਮੇ ਬੱਚਿਆਂ ਅਤੇ ਹਸਪਤਾਲ ਦੇ ਸਟਾਫ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ। ਇਸ ਤੋਂ ਬਾਅਦ ਵਾਰਡ ਵਿੱਚ ਫੈਲੇ ਧੂੰਏਂ ਨੂੰ ਬਾਹਰ ਕੱਢਣ ਦਾ ਕੰਮ ਕੀਤਾ ਗਿਆ।

ਹਸਪਤਾਲ ਦੀ ਡਾ. ਪ੍ਰਿਆ ਕੌਸ਼ਲ ਨੇ ਦੱਸਿਆ ਕਿ ਏਅਰ ਕੰਡੀਸ਼ਨਰ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗੀ ਸੀ। ਇਸ ਵੇਲੇ ਵਾਰਡ ਦੀ ਸਫਾਈ ਅਤੇ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

ਹਸਪਤਾਲ ਦੇ ਸੁਰੱਖਿਆ ਇੰਚਾਰਜ ਨੇ ਦੱਸਿਆ ਕਿ ਇਸ ਘਟਨਾ ਵਿੱਚ ਕਿਸੇ ਵੀ ਮਰੀਜ਼ ਜਾਂ ਬੱਚੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਸਾਰੇ ਨਵਜੰਮੇ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਤੁਰੰਤ ਹੋਰ ਵਾਰਡਾਂ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ।

ਅੱਗ ਕਾਰਨ ਕਮਰੇ ਵਿੱਚ ਮੌਜੂਦ ਬਿਸਤਰੇ, ਗੱਦੇ, ਬਿਜਲੀ ਦੇ ਉਪਕਰਣ ਅਤੇ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ, ਜਦਕਿ ਕਮਰੇ ਦੀਆਂ ਕੰਧਾਂ ਵੀ ਧੂੰਏਂ ਕਾਰਨ ਕਾਲੀਆਂ ਪੈ ਗਈਆਂ। ਹਸਪਤਾਲ ਪ੍ਰਸ਼ਾਸਨ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਰਿਪੋਰਟ: ਅਮਿਤ ਨਖਵਾਲ