Skip to content
ਫਰੀਦਕੋਟ 18 ਸਤੰਬਰ (ਵਿਪਨ ਮਿੱਤਲ) ਪੰਜਾਬ ਆਪਰੇਸ਼ਨ ਥੀਏਟਰ ਅਸਿਸਟੈਂਟ/ਸੁਪਰਵਾਈਜ਼ਰ ਯੁਨੀਅਨ ਵੱਲੋਂ ਪੰਜਾਬ ਦੇ ਵੱਖ—ਵੱਖ ਐੱਮ.ਐੱਲ.ਏ. ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਸਰਕਾਰ ਤੱਕ ਆਪਣੀ ਅਵਾਜ਼ ਪਹੁੰਚਾਉਣ ਲਈ ਤਨਖਾਹ ਵਿੱਚ ਸੋਧ ਤੇ ਵਾਧੇ ਨੂੰ ਲੈਕੇ ਮੰਗ ਪੱਤਰ ਦਿੱਤੇ ਜਾ ਰਹੇ ਹਨ। ਇੱਥੇ ਫਰੀਦਕੋਟ ਵਿਖੇ ਐਮ ਐਲ ਏ ਗੁਰਦਿੱਤ ਸਿੰਘ ਸੇਖੋਂ ਨੂੰ ਮੰਗ ਪੱਤਰ ਦੇਣ ਉਪਰੰਤ ਗੱਲਬਾਤ ਕਰਦਿਆ ਪ੍ਰਧਾਨ ਜਸਪਾਲ ਸਿੰਘ ਨੇ ਦੱਸਿਆ ਕਿ ਡਾਇਰੈਕਟੋਰੇਟ ਆਫ਼ ਰਿਸਰਚ ਐਂਡ ਮੈਡੀਕਲ ਐਜੂਕੇਸ਼ਨ,ਸੈਕਟਰ 69,ਪੰਜਾਬ ਸਰਕਾਰ ਅਧੀਨ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਵਿਖੇ ਤੈਨਾਤ ਆਪਰੇਸ਼ਨ ਥੀਏਟਰ ਅਸਿਸਟੈਂਟਾਂ (ਓ.ਟੀ.ਏ.) ਲੰਮੇ ਸਮੇਂ ਤੋ. ਪੇਅ ਕਮਿਸ਼ਨ ਅਧੀਨ ਤਨਖਾਹ ਵਿੱਚ ਸੋਧ ਤੇ ਵਾਧੇ ਦੀ ਮੰਗ ਕਰ ਰਹੇ ਹਨ । ਉਹਨਾਂ ਦੱਸਿਆ ਕਿ ਪੇਅ ਸਕੇਲ ਨੂੰ ਰਿਵਿਊ ਕਰਕੇ ਵਧਾਉਣ ਦੀ ਮੰਗ ਸਰਕਾਰ ਤੱਕ ਪਹੁੰਚਾਉਣ ਉਹਨਾਂ ਇਸ ਤੋਂ ਪਹਿਲਾ,ਰਣਵੀਰ ਭੁੱਲਰ ਐਮਐਲਏ ਫਿਰੋਜਪੁਰ ਸ਼ਹਿਰੀ, ਰਜਨੀਸ਼ ਕੁਮਾਰ ਦਈਆ ਐਮਐਲਏ ਫਿਰੋਜਪੁਰ ਦਿਹਾਤੀ, ਸਰਦਾਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਰਾਹੀਂ, ਬੀਰਇੰਦਰ ਸਿੰਘ ਸੰਧਵਾਂ, ਦਲਬੀਰ ਸਿੰਘ ਐਮਐਲਏ ਬਾਬਾ ਬਕਾਲਾ, ਨਰੇਸ਼ ਕਟਾਰੀਆ ਐਮ ਐਲ ਏ ਜੀਰਾ ਨੂੰ ਮੰਗ ਪੱਤਰ ਦੇ ਕੇ ਤਨਖਾਹ ਵਿੱਚ ਵਾਧੇ ਦੀ ਮੰਗ ਮੁੱਖ ਮੰਤਰੀ ਤੱਕ ਪਹੁੰਚਾਉਣ ਦੀ ਬੇਨਤੀ ਕੀਤੀ ਹੈ । ਉਹਨਾਂ ਦੱਸਿਆ ਕਿ ਸਰਕਾਰ ਓ ਟੀ ਏ ਦੀਆਂ ਤਨਖਾਹ ਸਬੰਧੀ ਮੰਗਾਂ ਨੂੰ ਲੈਕੇ ਟਾਲ ਮਟੋਲ ਕਰ ਰਹੀ ਹੈ । ਉਹਨਾਂ ਦੱਸਿਆ ਕਿ ਯੂਨੀਅਨ ਵੱਲੋਂ ਪੰਜਾਬ ਭਰ ਵਿੱਚ ਐਮ ਐਲ ਏ ਨੂੰ ਮੰਗ ਪੱਤਰ ਦੇ ਕੇ ਆਪਣੀ ਜਾਇਜ ਮੰਗ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਉਣ ਲਈ ਸੰਘਰਸ਼ ਕਰ ਰਹੀ ਹੈ । ਉਹਨਾਂ ਕਿਹਾ ਕਿ ਸਮੇਂ—ਸਮੇਂ ਤੇ ਸਿਹਤ ਵਿਭਾਗ ਵਿੱਚ ਕੰਮ ਕਰਦੇ ਬਾਕੀ ਕਾਡਰਾਂ ਦੀਆਂ ਤਨਖ਼ਾਹਾਂ ਵਿੱਚ ਸੋਧ ਅਤੇ ਵਾਧਾ ਹੁੰਦਾ ਆ ਰਿਹਾ ਹੈ ਪਰੰਤੂ ਓ.ਟੀ.ਏ. ਅਧਿਕਾਰੀ ਦੀਆਂ ਤਨਖ਼ਾਹਾਂ ਅਤੇ ਭੱਤੇ ਵੱਧਣ ਦੀ ਬਜਾਏ ਉੱਥੇ ਹੀ ਸਥਿਰ ਹਨ। ਉਹਨਾਂ ਵੱਲੋਂ ਦੱਸਿਆ ਕਿ ਰੇਡਿਓਗ੍ਰਾਫਰ ਅਤੇ ਸਟਾਫ਼ ਨਰਸ ਦਾ ਗਰੇਡ ਪੇਅ 3600 ਰਪਏ ਅਤੇ 4600 ਰੁਪਏ ਹੈ ਜੋ ਕਿ 7ਵੇਂ ਪੇਅ ਕਮਿਸ਼ਨ ਅਧੀਨ ਲੇਵਲ—5 (29,200) ਪ੍ਰਾਪਤ ਕਰ ਰਹੇ ਹਨ ਜਦਕਿ ਓ.ਟੀ.ਏ. ਦਾ ਗਰੇਡ ਪੇਅ ਕੇਵਲ 2400 ਹੈ ਅਤੇ ਉਹਨਾਂ ਨੂੰ ਮੌਜੂਦਾ ਪੇਅ ਕਮਿਸ਼ਨ ਵਿੱਚ ਤਨਖ਼ਾਹ ਦਾ ਕੇਵਲ ਲੇਵਲ—3 (21,700) ਦਿੱਤਾ ਜਾ ਰਿਹਾ ਹੈ ਜੋ ਕਿ ਇੱਕ 12ਵੀ ਸਾਇੰਸ ਸਟਰੀਮ ਨਾਲ ਪੈਰਾਮੈਡੀਕਲ ਗਰੈਜੂਏਟ ਪਾਸ ਅਧਿਕਾਰੀ ਲਈ ਸ਼ਰਮਸਾਰ ਕਰਨ ਵਾਲੀ ਗੱਲ ਹੈ।ਇੱਕ ਬਰਾਬਰ ਐਜੂਕੇਸ਼ਨ ਕੁਆਲਿਫਿਕੇਸ਼ਨ ਅਤੇ ਇੱਕੋ ਗਰੁੱਪ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਤਨਖ਼ਾਹ ਵਿੱਚ ਵਾਧਾ ਨਹੀਂ ਹੋਇਆ। ਸਾਲ 2017 ਵਿੱਚ ਓ.ਟੀ.ਏ. ਕਾਡਰ ਵਿੱਚੋਂ ਨਿਰਯਾਤ ਹੋਏ ਸੀ.ਐੱਸ.ਐੱਸ.ਡੀ. ਅਸਿਸਟੈਂਟ ਅਤੇ ਟੈਕਨੀਸ਼ੀਅਨਾਂ ਦੀਆਂ ਤਨਖਾਹਾਂ ਵੀ ਇਹਨਾਂ ਨਾਲੋਂ ਜਿਆਦਾ ਹਨ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸੈਂਟਰ ਦਾ ਪੇਅ ਸਕੇਲ ਤਾ ਅਪਨਾਇਆ ਹੈ ਪਰੰਤੂ ਕੇਂਦਰੀ ਸੰਸਥਾਵਾਂ (ਏਮਜ ਤੇ ਪੀਜੀਆਈ) ਵਾਂਗ ਇੱਕੋ ਗਰੁੱਪ ਦੇ ਵੱਖ—ਵੱਖ ਕਾਡਰਾਂ ਪ੍ਰਤੀ ਤਨਖਾਹ ਸੰਬੰਧੀ ਸਮਾਨਤਾ ਨਹੀਂ ਅਪਨਾਈ। ਅੰਤ ਵਿੱਚ ਯੂਨੀਅਨ ਨੇ ਐਮਐਲ ਏ ਸਾਹਿਬਾਨ ਵੱਲੋਂ ਉਹਨਾਂ ਦੇ ਪੇਅ ਸਕੇਲ ਨੂੰ ਰਿਵਿਊ ਕਰਕੇ ਵਧਾਉਣ ਦੀ ਮੰਗ ਸਰਕਾਰ ਤੱਕ ਪਹੁੰਚਾਉਣ ਦੀ ਗੁਜ਼ਾਰਿਸ਼ ਕੀਤੀ ਗਈ।ਇਸ ਮੌਕੇ ਜਸਪਾਲ ਸਿੰਘ ਪ੍ਰਧਾਨ, ਵਾਈਸ ਪ੍ਰਧਾਨ ਕੇਸ਼ਵ ਵਰਮਾ, ਸੈਕਟਰੀ ਬਲਿਜੰਦਰ ਸਿੰਘ, ਜਨਰਲ ਸੈਕਟਰੀ ਅੰਮ੍ਰਿਤਾ ਸ਼ਰਮਾਂ, ਐਡੀਟਰ ਮਨਦੀਪ ਕੌਰ, ਅੰਮਿਤ ਪ੍ਰੇਮ ਆਦਿ ਹਾਜਿਰ ਸਨ ।
Related