ਜਲੰਧਰ ਪੁਲਿਸ ਦੀ ਵੱਡੀ ਕਾਰਵਾਈ, 4 ਦੋਸ਼ੀ ਕਾਬੂ; 500 ਗ੍ਰਾਮ ਹੈਰੋਇਨ ਤੇ ਨਜਾਇਜ਼ ਅਸਲਾ ਬਰਾਮਦ

Commissionerate Police Jalandhar ਨੇ ਵੱਖ-ਵੱਖ ਕਾਰਵਾਈਆਂ ਦੌਰਾਨ 4 ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 500 ਗ੍ਰਾਮ ਹੈਰੋਇਨ, 3 ਨਜਾਇਜ਼ ਪਿਸਟਲ ਅਤੇ ਜਿੰਦਾ ਰੌਂਦ ਬਰਾਮਦ ਕੀਤੇ ਹਨ। ਇਹ ਕਾਰਵਾਈ ਕਮਿਸ਼ਨਰ ਪੁਲਿਸ ਸ਼੍ਰੀਮਤੀ ਧਨਪ੍ਰੀਤ ਕੌਰ IPS ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ।

ਪਹਿਲੇ ਮਾਮਲੇ ਵਿੱਚ ਸਪੈਸ਼ਲ ਸੈੱਲ ਦੀ ਟੀਮ ਨੇ ਵੇਰਕਾ ਮਿਲਕ ਪਲਾਂਟ ਨੇੜੇ ਪ੍ਰਦੀਪ ਕੁਮਾਰ ਉਰਫ ਬਾਣਾ ਨੂੰ ਕਾਬੂ ਕਰਕੇ ਉਸਦੇ ਬੈਗ ਵਿਚੋਂ 500 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਉਸਦੀ ਨਿਸ਼ਾਨਦੇਹੀ ’ਤੇ ਦਲਜੀਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ। ਦੋਵੇਂ ਦੋਸ਼ੀਆਂ ਨੂੰ ਅਦਾਲਤ ਦੇ ਹੁਕਮਾਂ ਅਨੁਸਾਰ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਦੂਜੇ ਮਾਮਲੇ ਵਿੱਚ ਬੱਸ ਸਟੈਂਡ ਜਲੰਧਰ ਨੇੜੇ ਮਨਜੋਤ ਸਿੰਘ ਨਾਮਕ ਨੌਜਵਾਨ ਨੂੰ ਕਾਬੂ ਕਰਕੇ ਉਸ ਕੋਲੋਂ ਇੱਕ ਦੇਸੀ .32 ਬੋਰ ਪਿਸਟਲ ਅਤੇ 4 ਜਿੰਦਾ ਰੌਂਦ ਬਰਾਮਦ ਕੀਤੇ ਗਏ। ਪੁਲਿਸ ਵੱਲੋਂ ਦੋਸ਼ੀ ਦਾ ਰਿਮਾਂਡ ਹਾਸਲ ਕਰਕੇ ਉਸਦੇ ਅੱਗੇ-ਪਿੱਛੇ ਦੇ ਸਬੰਧਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ CIA ਸਟਾਫ ਦੀ ਟੀਮ ਨੇ ਮਕਸੂਦਾਂ ਚੌਕ ਨੇੜੇ ਸੰਤੋਸ਼ ਕੁਮਾਰ ਉਰਫ ਬਾਬਾ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 2 ਨਜਾਇਜ਼ ਪਿਸਟਲ ਅਤੇ 2 ਜਿੰਦਾ ਰੌਂਦ ਬਰਾਮਦ ਕੀਤੇ। ਦੋਸ਼ੀ ਨੂੰ ਅਦਾਲਤੀ ਹੁਕਮਾਂ ਤਹਿਤ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।