
Skip to content

ਪੰਜਾਬ ‘ਚ ਹੀਟਵੇਵ ਦਾ ਅਲਰਟ! ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸਿਹਤ ਵਿਭਾਗ ਨੂੰ ਹਾਈ ਅਲਰਟ ‘ਤੇ ਰਹਿਣ ਦੇ ਹੁਕਮ
ਪੰਜਾਬ ‘ਚ ਹੀਟਵੇਵ ਅਲਰਟ: ਸਾਰੇ ਹਸਪਤਾਲਾਂ ‘ਚ ‘ਹੀਟ ਸਟ੍ਰੋਕ ਮੈਨੇਜਮੈਂਟ ਯੂਨਿਟ’ ਕਾਰਜਸ਼ੀਲ, ਸਿਹਤ ਮੰਤਰੀ ਦੇ ਸਖ਼ਤ ਹੁਕਮ
ਚੰਡੀਗੜ੍ਹ: ਪੰਜਾਬ ਵਿੱਚ ਪੈ ਰਹੀ ਭਿਆਨਕ ਗਰਮੀ ਅਤੇ ਲੂ ਦੇ ਵੱਧਦੇ ਖਤਰੇ ਨੂੰ ਦੇਖਦਿਆਂ ਸਿਹਤ ਵਿਭਾਗ ਪੂਰੀ ਤਰ੍ਹਾਂ ਅਲਰਟ ਮੋਡ ‘ਤੇ ਆ ਗਿਆ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਤਿ ਦੀ ਗਰਮੀ ਦੇ ਮਾਰੂ ਪ੍ਰਭਾਵਾਂ ਨੂੰ ਰੋਕਣ ਅਤੇ ਮਰੀਜ਼ਾਂ ਦੇ ਸੁਚੱਜੇ ਇਲਾਜ ਲਈ ਵਿਭਾਗ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਤੇਜ਼ ਗਰਮੀ ਕਾਰਨ ਹੀਟ ਸਟ੍ਰੈਸ, ਹੀਟ ਇਗਜ਼ੌਸ਼ਨ ਅਤੇ ਹੀਟ ਸਟ੍ਰੋਕ (ਲੂ ਲੱਗਣ) ਦਾ ਖਤਰਾ ਕਾਫੀ ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਦਿਲ ਅਤੇ ਸਾਹ ਸਬੰਧੀ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਦੀਆਂ ਸਮੱਸਿਆਵਾਂ ਵੀ ਗੰਭੀਰ ਹੋ ਸਕਦੀਆਂ ਹਨ।
ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਿਹਤ ਮੰਤਰੀ ਨੇ ਸਾਰੇ ਸਿਵਲ ਸਰਜਨਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਹੈ ਕਿ ਜ਼ਿਲ੍ਹਾ ਹਸਪਤਾਲਾਂ, ਸਬ-ਡਵੀਜ਼ਨ ਹਸਪਤਾਲਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ (CHCs) ਵਿੱਚ ਵਿਸ਼ੇਸ਼ ‘ਹੀਟ ਸਟ੍ਰੋਕ ਮੈਨੇਜਮੈਂਟ ਯੂਨਿਟ’ ਤੁਰੰਤ ਕਾਰਜਸ਼ੀਲ ਕੀਤੇ ਜਾਣ।
ਉਨ੍ਹਾਂ ਦੱਸਿਆ ਕਿ ਇਹ ਵਿਸ਼ੇਸ਼ ਯੂਨਿਟ ਐਕਟਿਵ ਕੂਲਿੰਗ ਸਿਸਟਮ ਨਾਲ ਲੈਸ ਹਨ, ਜਿਨ੍ਹਾਂ ਵਿੱਚ ਆਈਸ ਪੈਕ, ਕੋਲਡ ਆਈ.ਵੀ. ਫਲੂਇਡਜ਼ ਅਤੇ ਹੋਰ ਜ਼ਰੂਰੀ ਮੈਡੀਕਲ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ, ਤਾਂ ਜੋ ਲੂ ਦਾ ਸ਼ਿਕਾਰ ਹੋਣ ਵਾਲੇ ਮਰੀਜ਼ਾਂ ਨੂੰ ਤੁਰੰਤ ਰਾਹਤ ਅਤੇ ਇਲਾਜ ਮਿਲ ਸਕੇ।
ਸਿਹਤ ਵਿਭਾਗ ਨੇ ਲੋਕਾਂ ਨੂੰ ਵੀ ਦੁਪਹਿਰ ਦੇ ਸਮੇਂ ਘਰੋਂ ਬਾਹਰ ਨਾ ਨਿਕਲਣ, ਵੱਧ ਤੋਂ ਵੱਧ ਪਾਣੀ ਪੀਣ ਅਤੇ ਧੁੱਪ ਤੋਂ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ।
ਪੰਜਾਬ ‘ਚ ਹੀਟਵੇਵ ਦਾ ਕਹਿਰ: ਹਸਪਤਾਲਾਂ ‘ਚ ORS ਤੇ ਐਮਰਜੈਂਸੀ ਦਵਾਈਆਂ ਦਾ ਪੂਰਾ ਸਟਾਕ, ਐਂਬੂਲੈਂਸਾਂ ‘ਚ ਵੀ ਕੂਲਿੰਗ ਪ੍ਰਬੰਧ
ਪੰਜਾਬ ਵਿੱਚ ਪੈ ਰਹੀ ਭਿਆਨਕ ਗਰਮੀ ਅਤੇ ਹੀਟਵੇਵ ਦੇ ਖਤਰੇ ਨੂੰ ਦੇਖਦੇ ਹੋਏ ਸਿਹਤ ਵਿਭਾਗ ਪੂਰੀ ਤਰ੍ਹਾਂ ਅਲਰਟ ਮੋਡ ‘ਤੇ ਹੈ। ਸਿਹਤ ਮੰਤਰੀ Dr. Balbir Singh ਦੇ ਨਿਰਦੇਸ਼ਾਂ ‘ਤੇ ਸੂਬੇ ਦੇ ਹਰੇਕ ਸਰਕਾਰੀ ਹਸਪਤਾਲ ਵਿੱਚ ਓ.ਆਰ.ਐਸ. (ORS) ਅਤੇ ਐਮਰਜੈਂਸੀ ਦਵਾਈਆਂ ਦਾ ਲੋੜੀਂਦਾ ਸਟਾਕ ਯਕੀਨੀ ਬਣਾਇਆ ਗਿਆ ਹੈ। ਇਸਦੇ ਨਾਲ ਹੀ ਮਰੀਜ਼ਾਂ ਨੂੰ ਹਸਪਤਾਲ ਲਿਆਂਦੇ ਸਮੇਂ ਰਸਤੇ ਵਿੱਚ ਠੰਢਕ ਮੁਹੱਈਆ ਕਰਵਾਉਣ ਲਈ ਐਂਬੂਲੈਂਸਾਂ ਵਿੱਚ ਵੀ ਖਾਸ ਕੂਲਿੰਗ ਪ੍ਰਬੰਧ ਕੀਤੇ ਗਏ ਹਨ।
ਸਿਹਤ ਵਿਭਾਗ ਵੱਲੋਂ ਗਰਮੀ ਸਬੰਧੀ ਬਿਮਾਰੀਆਂ (HRI) ਦੇ ਮਾਮਲਿਆਂ ਦੀ ਅਸਲ-ਸਮੇਂ ਦੀ ਨਿਗਰਾਨੀ ਲਈ ‘ਆਈ.ਐਚ.ਆਈ.ਪੀ.’ (IHIP) ਪੋਰਟਲ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਟਾਸਕ ਫੋਰਸਾਂ ਵੱਲੋਂ ਸਿੱਖਿਆ, ਕਿਰਤ ਅਤੇ ਟਰਾਂਸਪੋਰਟ ਵਿਭਾਗ ਨਾਲ ਲਗਾਤਾਰ ਮੀਟਿੰਗਾਂ ਕਰਕੇ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਡਾ. ਬਲਬੀਰ ਸਿੰਘ ਨੇ ਲੋਕਾਂ, ਖਾਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਵਧੀਕ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੀਟਵੇਵ ਸੇਫਟੀ ਐਡਵਾਈਜ਼ਰੀ ਦੀ ਪਾਲਣਾ ਜ਼ਰੂਰ ਕੀਤੀ ਜਾਵੇ। ਐਮਰਜੈਂਸੀ ਹਾਲਾਤ ਵਿੱਚ ਲੋਕ 104, 108 ਜਾਂ 112 ਹੈਲਪਲਾਈਨ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹਨ।
ਗਰਮੀ ਤੋਂ ਬਚਾਅ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ
ਵਿਭਾਗ ਨੇ ਲੋਕਾਂ ਨੂੰ ਹਰ 20-30 ਮਿੰਟ ਬਾਅਦ ਪਾਣੀ ਪੀਣ, ਲੱਸੀ, ਨਿੰਬੂ ਪਾਣੀ ਅਤੇ ORS ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਹਲਕੇ ਰੰਗ ਦੇ ਸੂਤੀ ਕੱਪੜੇ ਪਹਿਨਣ ਅਤੇ ਬਾਹਰ ਨਿਕਲਣ ਸਮੇਂ ਸਿਰ ਢੱਕਣ ਲਈ ਛੱਤਰੀ, ਟੋਪੀ ਜਾਂ ਤੌਲੀਆ ਵਰਤਣ ਲਈ ਕਿਹਾ ਗਿਆ ਹੈ।
ਲੋਕਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ, ਚਾਹ, ਕੌਫੀ, ਸ਼ਰਾਬ ਅਤੇ ਕੋਲਡ ਡ੍ਰਿੰਕਸ ਤੋਂ ਦੂਰ ਰਹਿਣ ਅਤੇ ਭਾਰੀ ਸਰੀਰਕ ਕੰਮ ਤੋਂ ਪਰਹੇਜ਼ ਕਰਨ ਦੀ ਹਦਾਇਤ ਦਿੱਤੀ ਗਈ ਹੈ। ਮਾਲਕਾਂ ਨੂੰ ਬਾਹਰ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਛਾਂ ਅਤੇ ਸਾਫ਼ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਗਿਆ ਹੈ।
ਇਹ ਲੱਛਣ ਦਿਖਣ ‘ਤੇ ਤੁਰੰਤ ਹਸਪਤਾਲ ਪਹੁੰਚੋ
ਸਿਹਤ ਵਿਭਾਗ ਮੁਤਾਬਕ ਜੇਕਰ ਕਿਸੇ ਵਿਅਕਤੀ ਦਾ ਸਰੀਰਕ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਹੋ ਜਾਵੇ, ਬੇਹੋਸ਼ੀ, ਦੌਰੇ, ਬੇਚੈਨੀ, ਉਲਟੀ, ਤੇਜ਼ ਧੜਕਣ ਜਾਂ ਚਮੜੀ ਬਹੁਤ ਗਰਮ ਅਤੇ ਲਾਲ ਹੋ ਜਾਵੇ ਤਾਂ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਨਾਲ ਸੰਪਰਕ ਕੀਤਾ ਜਾਵੇ।
Related