ਕੈਨੇਡਾ ਦੇ ਹੈਮਿਲਟਨ ਸ਼ਹਿਰ ‘ਚ ਦੋ ਗੁੱਟਾਂ ਵਿਚਾਲੇ ਹੋਈ ਗੋਲੀਬਾਰੀ ‘ਚ ਪੰਜਾਬ ਦੇ ਤਰਨਤਾਰਨ ਦੀ ਰਹਿਣ ਵਾਲੀ 21 ਸਾਲਾ ਕੁੜੀ ਦੀ ਮੌਤ ਹੋ ਗਈ। ਕੁੜੀ ਕੈਨੇਡਾ ਦੇ ਮੋਹੌਕ ਕਾਲਜ ਦੀ ਵਿਦਿਆਰਥਣ ਸੀ। ਉਹ ਰੋਜ਼ ਵਾਂਗ ਬੱਸ ਅੱਡੇ ‘ਤੇ ਖੜ੍ਹੀ ਹੋ ਕੇ ਡਿਊਟੀ ‘ਤੇ ਜਾਣ ਲਈ ਬੱਸ ਦੀ ਉਡੀਕ ਕਰ ਰਹੀ ਸੀ।   ਫਿਰ ਦੋ ਗੁੱਟ ਦੋ ਵੱਖ-ਵੱਖ ਵਾਹਨਾਂ ਵਿਚ ਆਏ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਹਰਸਿਮਰਤ ਵੀ ਗੋਲੀਬਾਰੀ ਦੀ ਲਪੇਟ ‘ਚ ਆ ਗਈ। ਇੱਕ ਗੋਲੀ ਉਸ ਦੀ ਛਾਤੀ ਵਿੱਚ ਲੱਗੀ। ਘਟਨਾ ਤੋਂ ਬਾਅਦ ਹਰਸਿਮਰਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਇਹ ਘਟਨਾ 16 ਅਪ੍ਰੈਲ ਦੀ ਸ਼ਾਮ ਦੀ ਹੈ, ਜਿਸ ਦਾ ਪਤਾ ਹੁਣ ਕੁੜੀ ਹਰਸਿਮਰਤ ਰੰਧਾਵਾ ਦੇ ਪਿੰਡ ਧੂੰਦਾ ਵਿੱਚ ਲੱਗਾ ਹੈ। ਇਸ ਦਾ ਪਤਾ ਲੱਗਦਿਆਂ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ। ਟੋਰਾਂਟੋ ਸਥਿਤ ਭਾਰਤੀ ਦੂਤਾਵਾਸ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਹਰਸਿਮਰਤ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਕੈਨੇਡਾ ਦੀ ਹੈਮਿਲਟਨ ਪੁਲਿਸ ਮੁਤਾਬਕ 16 ਅਪ੍ਰੈਲ ਦੀ ਸ਼ਾਮ 7:15 ਤੋਂ 7:45 ਦੇ ਵਿਚਕਾਰ ਗੋਲੀਬਾਰੀ ਕੀਤੀ ਗਈ ਸੀ।ਇਹ ਗੋਲੀਬਾਰੀ ਸਫੈਦ ਸੇਡਾਨ ‘ਤੇ ਕਾਲੀ ਕਾਰ ਤੋਂ ਕੀਤੀ ਗਈ ਸੀ। ਇਸ ਦੌਰਾਨ ਇਕ ਗੋਲੀ ਲੜਕੀ ਨੂੰ ਲੱਗ ਗਈ। ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ।   ਹਰਸਿਮਰਤ ਦੀ ਇਸ ਤਰ੍ਹਾਂ ਮੌਤ ਨਾਲ ਉਸ ਦੇ ਪਰਿਵਾਰ ਦੇ ਨਾਲ-ਨਾਲ ਕੈਨੇਡਾ ‘ਚ ਰਹਿੰਦੇ ਭਾਰਤੀਆਂ ‘ਚ ਵੀ ਸੋਗ ਦੀ ਲਹਿਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਘਟਨਾ ਕੈਨੇਡਾ ‘ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ‘ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਚੰਗੇ ਭਵਿੱਖ ਦੀ ਆਸ ਨਾਲ ਵਿਦੇਸ਼ ਪੜ੍ਹਨ ਆਏ ਇੱਕ ਮਾਸੂਮ ਵਿਦਿਆਰਥੀ ਦੀ ਜਿਸ ਤਰ੍ਹਾਂ ਮੌਤ ਹੋ ਗਈ, ਉਹ ਬੇਹੱਦ ਨਿੰਦਣਯੋਗ ਅਤੇ ਦੁਖਦਾਈ ਹੈ।