(ਅਮਿਤ ਨਖਵਾਲ) ਚੰਡੀਗੜ੍ਹ: ਸ਼ਹਿਰ ਵਿੱਚ ਪ੍ਰਦੂਸ਼ਣ ਘਟਾਉਣ ਲਈ ਚਲਾਈਆਂ ਜਾ ਰਹੀਆਂ ਇਲੈਕਟ੍ਰਿਕ ਬੱਸਾਂ ਦੀ ਸੁਰੱਖਿਆ ਇੱਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ। ਸ਼ਨੀਵਾਰ ਸਵੇਰੇ ਸੈਕਟਰ-46 ਅਤੇ 47 ਦੇ ਵਿਚਕਾਰ ਚੱਲ ਰਹੀ ਇੱਕ ਇਲੈਕਟ੍ਰਿਕ ਬੱਸ ਦੇ ਦੋਵੇਂ ਪਿਛਲੇ ਟਾਇਰ ਅਚਾਨਕ ਨਿਕਲ ਗਏ। ਉਸ ਸਮੇਂ ਬੱਸ ਵਿੱਚ ਕਰੀਬ 6 ਤੋਂ 7 ਯਾਤਰੀ ਸਵਾਰ ਸਨ।

ਖੁਸ਼ਕਿਸਮਤੀ ਨਾਲ ਬੱਸ ਚਾਲਕ ਨੇ ਹੌਸਲਾ ਅਤੇ ਸੂਝਬੂਝ ਦਾ ਪਰਿਚਯ ਦਿੰਦਿਆਂ ਤੁਰੰਤ ਬੱਸ ‘ਤੇ ਕਾਬੂ ਪਾ ਲਿਆ ਅਤੇ ਇਸ ਨੂੰ ਸੜਕ ਦੇ ਕਿਨਾਰੇ ਸੁਰੱਖਿਅਤ ਢੰਗ ਨਾਲ ਰੋਕ ਦਿੱਤਾ। ਇਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਕਿਸੇ ਯਾਤਰੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਇਹ ਬੱਸ ਰਾਮਦਰਬਾਰ ਤੋਂ ਮਲੋਆ ਵੱਲ ਜਾ ਰਹੀ ਸੀ।

ਚਸ਼ਮਦੀਦਾਂ ਦੇ ਅਨੁਸਾਰ ਬੱਸ ਆਮ ਰਫ਼ਤਾਰ ਨਾਲ ਚੱਲ ਰਹੀ ਸੀ ਕਿ ਅਚਾਨਕ ਇੱਕ ਜ਼ੋਰਦਾਰ ਆਵਾਜ਼ ਆਈ ਅਤੇ ਬੱਸ ਦੇ ਦੋਵੇਂ ਪਿਛਲੇ ਟਾਇਰ ਨਿਕਲ ਗਏ। ਜੇਕਰ ਉਸ ਸਮੇਂ ਬੱਸ ਤੇਜ਼ ਰਫ਼ਤਾਰ ਵਿੱਚ ਹੁੰਦੀ ਜਾਂ ਡਰਾਈਵਰ ਸਮੇਂ ਸਿਰ ਕਾਬੂ ਨਾ ਕਰਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਚੰਡੀਗੜ੍ਹ ਦੀਆਂ ਇਲੈਕਟ੍ਰਿਕ ਬੱਸਾਂ ਨਾਲ ਸਬੰਧਤ ਕੋਈ ਤਕਨੀਕੀ ਖ਼ਰਾਬੀ ਸਾਹਮਣੇ ਆਈ ਹੋਵੇ। ਇਸ ਤੋਂ ਪਹਿਲਾਂ ਵੀ ਇਲੈਕਟ੍ਰਿਕ ਬੱਸਾਂ ਦੇ ਪਲਟਣ ਅਤੇ ਤਕਨੀਕੀ ਨੁਕਸ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਸ ਕਾਰਨ ਬੱਸਾਂ ਦੀ ਸੁਰੱਖਿਆ ਅਤੇ ਰੱਖ-ਰਖਾਅ ਨੂੰ ਲੈ ਕੇ ਸਵਾਲ ਉੱਠਦੇ ਰਹੇ ਹਨ।

ਗੌਰਤਲਬ ਹੈ ਕਿ ਇਸੇ ਹਫ਼ਤੇ ਯੂਟੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਸਕੱਤਰੇਤ ਵਿੱਚ ਜਨਤਕ ਆਵਾਜਾਈ ਪ੍ਰਣਾਲੀ ਦੀ ਸਮੀਖਿਆ ਲਈ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ। ਮੀਟਿੰਗ ਦੌਰਾਨ ਇਲੈਕਟ੍ਰਿਕ ਬੱਸਾਂ ਦੀ ਗਿਣਤੀ ਵਧਾਉਣ, ਮੌਜੂਦਾ ਫਲੀਟ ਨੂੰ ਮਜ਼ਬੂਤ ਕਰਨ ਅਤੇ ਯਾਤਰੀਆਂ ਨੂੰ ਸੁਰੱਖਿਅਤ ਤੇ ਬਿਹਤਰ ਆਵਾਜਾਈ ਸਹੂਲਤਾਂ ਮੁਹੱਈਆ ਕਰਵਾਉਣ ‘ਤੇ ਵਿਸਥਾਰ ਨਾਲ ਚਰਚਾ ਹੋਈ ਸੀ। ਅਧਿਕਾਰੀਆਂ ਨੇ ਦੱਸਿਆ ਸੀ ਕਿ ਨਵੀਆਂ ਇਲੈਕਟ੍ਰਿਕ ਬੱਸਾਂ ਨੂੰ ਪੜਾਅਵਾਰ ਢੰਗ ਨਾਲ ਬੇੜੇ ਵਿੱਚ ਸ਼ਾਮਲ ਕੀਤਾ ਜਾਵੇਗਾ।

ਪਰ ਅੱਜ ਦੀ ਘਟਨਾ ਨੇ ਇਲੈਕਟ੍ਰਿਕ ਬੱਸਾਂ ਦੀ ਗੁਣਵੱਤਾ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਨਵੀਆਂ ਬੱਸਾਂ ਖਰੀਦਣ ਦੇ ਨਾਲ-ਨਾਲ ਉਨ੍ਹਾਂ ਦੀ ਨਿਯਮਤ ਫਿਟਨੈੱਸ ਜਾਂਚ, ਤਕਨੀਕੀ ਨਿਰੀਖਣ ਅਤੇ ਸਮੇਂ-ਸਿਰ ਰੱਖ-ਰਖਾਅ ਨੂੰ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।