(ਅਮਿਤ ਨਖਵਾਲ)ਨਕੋਦਰ (ਜਲੰਧਰ): ਜਲੰਧਰ-ਮੋਗਾ ਰਾਸ਼ਟਰੀ ਰਾਜਮਾਰਗ ‘ਤੇ ਸ਼ਨੀਵਾਰ ਨੂੰ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨ ਕਬੱਡੀ ਖਿਡਾਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।

ਜਾਣਕਾਰੀ ਅਨੁਸਾਰ ਮਲਸੀਆਂ ਤੋਂ ਨਕੋਦਰ ਵੱਲ ਜਾ ਰਹੇ ਤਿੰਨ ਦੋਸਤ ਮੋਟਰਸਾਈਕਲ ‘ਤੇ ਸਵਾਰ ਸਨ। ਇਸ ਦੌਰਾਨ ਪਰਾਲੀ ਨਾਲ ਭਰੀ ਇੱਕ ਟਰੈਕਟਰ-ਟਰਾਲੀ ਨੂੰ ਡਰਾਈਵਰ ਨੇ ਬਿਨਾਂ ਧਿਆਨ ਦਿੱਤੇ ਹਾਈਵੇਅ ‘ਤੇ ਚੜ੍ਹਾ ਦਿੱਤਾ। ਤੇਜ਼ ਰਫ਼ਤਾਰ ਮੋਟਰਸਾਈਕਲ ਪਿੱਛੇ ਤੋਂ ਟਰਾਲੀ ਨਾਲ ਜਾ ਟਕਰਾਇਆ, ਜਿਸ ਕਾਰਨ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤੀਜਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਮ੍ਰਿਤਕਾਂ ਦੀ ਪਛਾਣ 16 ਸਾਲਾ ਹਰਜੋਤ ਸਿੰਘ ਪੁੱਤਰ ਤੀਰਥ ਸਿੰਘ ਵਾਸੀ ਪਿੰਡ ਪੰਧੇਰਾ ਅਤੇ 23 ਸਾਲਾ ਗੁਰਦੀਪ ਸਿੰਘ ਉਰਫ਼ ਦੀਪਾ ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਖਾਨਪੁਰ ਢੱਡਾ ਵਜੋਂ ਹੋਈ ਹੈ। ਹਰਜੋਤ 12ਵੀਂ ਜਮਾਤ ਦਾ ਵਿਦਿਆਰਥੀ ਸੀ, ਜਦਕਿ ਗੁਰਦੀਪ ਦਾ ਯੂਕੇ ਜਾਣ ਲਈ ਵੀਜ਼ਾ ਆ ਚੁੱਕਾ ਸੀ ਅਤੇ ਉਹ ਕਰੀਬ 10 ਦਿਨਾਂ ਬਾਅਦ ਵਿਦੇਸ਼ ਰਵਾਨਾ ਹੋਣਾ ਸੀ।

ਹਾਦਸੇ ਵਿੱਚ ਜ਼ਖ਼ਮੀ 17 ਸਾਲਾ ਹਰਦੀਪ ਸਿੰਘ ਨੂੰ ਪਹਿਲਾਂ ਨਕੋਦਰ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਜਲੰਧਰ ਰੈਫਰ ਕਰ ਦਿੱਤਾ ਗਿਆ। ਉਹ ਇਸ ਵੇਲੇ ਇਲਾਜ ਅਧੀਨ ਹੈ।

ਤਿੰਨੋਂ ਨੌਜਵਾਨ ਕਰੀਬੀ ਦੋਸਤ, ਸਹਿਪਾਠੀ ਅਤੇ ਕਬੱਡੀ ਖਿਡਾਰੀ ਸਨ। ਹਾਦਸੇ ਤੋਂ ਬਾਅਦ ਰਾਹਗੀਰਾਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਟਰੈਕਟਰ ਡਰਾਈਵਰ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ।

ਸੂਚਨਾ ਮਿਲਦੇ ਹੀ ਸਦਰ ਨਕੋਦਰ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਦੇ ਮੁਰਦਾਘਰ ਵਿੱਚ ਭੇਜ ਦਿੱਤਾ ਹੈ। ਸਟੇਸ਼ਨ ਹਾਊਸ ਅਫਸਰ (ਐਸਐਚਓ) ਪਰਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।