(ਅਮਿਤ ਨਖਵਾਲ) ਤਰਨਤਾਰਨ: ਜ਼ਿਲ੍ਹਾ ਤਰਨਤਾਰਨ ਦੇ ਪਿੰਡ ਝਬਾਲ ਦੀ ਰਹਿਣ ਵਾਲੀ 65 ਸਾਲਾ ਰਾਜਵੰਤ ਕੌਰ ਨੇ ਆਪਣੇ ਪਤੀ ਬਲਵਿੰਦਰ ਸਿੰਘ ਦੇ ਕਥਿਤ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ਦੀ ਦਰਦਨਾਕ ਕਹਾਣੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਾਲ 1992 ਦੌਰਾਨ, ਜਦੋਂ ਪੰਜਾਬ ਵਿੱਚ ਅਤਿਵਾਦ ਦਾ ਦੌਰ ਚੱਲ ਰਿਹਾ ਸੀ ਅਤੇ ਪਿੰਡ ਝਬਾਲ ਵਿੱਚ ਬਾਬਾ ਬੁੱਢਾ ਸਾਹਿਬ ਜੀ ਦਾ ਮੇਲਾ ਲੱਗਿਆ ਹੋਇਆ ਸੀ, ਉਸ ਸਮੇਂ ਪੁਲਿਸ ਨੇ ਉਨ੍ਹਾਂ ਦੇ ਪਤੀ ਸਮੇਤ ਕੁਝ ਹੋਰ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ।

ਰਾਜਵੰਤ ਕੌਰ ਦੇ ਦੋਸ਼ਾਂ ਅਨੁਸਾਰ, ਉਸ ਸਮੇਂ ਦੇ ਐੱਸਐੱਚਓ ਅਸ਼ੋਕ ਕੁਮਾਰ ਸ਼ਰਮਾ, ਏਐੱਸਆਈ ਅਮਰਜੀਤ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮਾਂ ਨੇ ਥਾਣੇ ਵਿੱਚ ਉਨ੍ਹਾਂ ਦੇ ਪਤੀ ‘ਤੇ ਤਸ਼ੱਦਦ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਪਤੀ ਨੂੰ ਛੱਡਣ ਦੇ ਬਦਲੇ ਪੁਲਿਸ ਵੱਲੋਂ ਲੱਖਾਂ ਰੁਪਏ ਦੀ ਮੰਗ ਵੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਸੱਸ ਗੁਰਬਚਨ ਕੌਰ ਨੂੰ ਵੀ ਹਵਾਲਾਤ ਵਿੱਚ ਬੰਦ ਰੱਖਿਆ ਗਿਆ। ਤਿੰਨ ਦਿਨ ਬਾਅਦ ਸੱਸ ਨੂੰ ਅਤੇ ਸੱਤ ਦਿਨ ਬਾਅਦ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ।

ਰਾਜਵੰਤ ਕੌਰ ਨੇ ਦੱਸਿਆ ਕਿ ਹਿਰਾਸਤ ਦੌਰਾਨ ਉਨ੍ਹਾਂ ਨਾਲ ਰੋਜ਼ਾਨਾ ਬਦਸਲੂਕੀ ਅਤੇ ਤਸ਼ੱਦਦ ਕੀਤਾ ਜਾਂਦਾ ਸੀ। ਡਰ ਦੇ ਮਾਹੌਲ ਕਾਰਨ ਉਹ ਆਪਣੇ ਤਿੰਨ ਬੱਚਿਆਂ ਨੂੰ ਨਾਲ ਲੈ ਕੇ ਕਰੀਬ ਸੱਤ ਤੋਂ ਅੱਠ ਸਾਲ ਤੱਕ ਘਰੋਂ ਬੇਘਰ ਰਹੀ। ਉਨ੍ਹਾਂ ਕਿਹਾ ਕਿ ਪਤੀ ਦੀ ਭਾਲ ਲਈ ਉਹ ਕਈ ਥਾਣਿਆਂ ਦੇ ਚੱਕਰ ਲਗਾਉਂਦੀ ਰਹੀ, ਪਰ ਚਾਰ-ਪੰਜ ਸਾਲ ਬਾਅਦ ਪਤਾ ਲੱਗਾ ਕਿ ਉਨ੍ਹਾਂ ਦੇ ਪਤੀ ਨੂੰ ਝਬਾਲ ਨੇੜੇ ਇੱਕ ਨਹਿਰ ਕੋਲ ਕਥਿਤ ਝੂਠਾ ਪੁਲਿਸ ਮੁਕਾਬਲਾ ਦਿਖਾ ਕੇ ਮਾਰ ਦਿੱਤਾ ਗਿਆ ਅਤੇ ਲਾਸ਼ ਦਾ ਵੀ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਸੁਣਵਾਈ ਚੰਡੀਗੜ੍ਹ ਸਥਿਤ ਸੀਬੀਆਈ ਅਦਾਲਤ ਵਿੱਚ ਚੱਲਦੀ ਰਹੀ। ਕਰੀਬ 34 ਸਾਲਾਂ ਦੀ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਪਰਿਵਾਰ ਨੂੰ ਇਨਸਾਫ਼ ਮਿਲਿਆ ਅਤੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਪੁਲਿਸ ਅਧਿਕਾਰੀਆਂ ਨੂੰ ਸਜ਼ਾ ਸੁਣਾਈ ਗਈ।

ਰਾਜਵੰਤ ਕੌਰ ਨੇ ਭਾਵੁਕ ਹੋ ਕੇ ਕਿਹਾ ਕਿ ਉਸ ਦੌਰ ਦੀਆਂ ਯਾਦਾਂ ਅੱਜ ਵੀ ਉਨ੍ਹਾਂ ਨੂੰ ਝੰਝੋੜ ਦਿੰਦੀਆਂ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਉਸ ਸਮੇਂ ਕਈ ਬੇਕਸੂਰ ਨੌਜਵਾਨਾਂ ਨੂੰ ਵੀ ਝੂਠੇ ਮੁਕਾਬਲਿਆਂ ਵਿੱਚ ਮਾਰਿਆ ਗਿਆ। ਉਨ੍ਹਾਂ ਕਿਹਾ ਕਿ ਲੰਬੇ ਸੰਘਰਸ਼ ਤੋਂ ਬਾਅਦ ਮਿਲਿਆ ਇਨਸਾਫ਼ ਦੇਰ ਨਾਲ ਸਹੀ, ਪਰ ਉਨ੍ਹਾਂ ਦੇ ਪਰਿਵਾਰ ਲਈ ਇੱਕ ਵੱਡੀ ਰਾਹਤ ਹੈ।